ਬਿਉਰੋ ਰਿਪੋਰਟ : ਬਲਵੰਤ ਸਿੰਘ ਰਾਜੋਆਣਾ ਮਾਮਲੇ ਵਿੱਚ ਫੈਸਲਾ ਲੈਣ ਵਿੱਚ ਦਿੱਤਾ ਗਿਆ 31 ਦਸੰਬਰ ਦਾ ਅਲਟੀਮੇਟਮ ਖਤਮ ਹੋਣ ਤੋਂ ਬਾਅਦ ਹੁਣ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੱਡੀ ਅਪੀਲ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖ ਕੇ 31 ਦਸੰਬਰ ਦਾ ਅਲਟੀਮੇਟਮ ਦਾ ਸਮਾਂ ਹੋਰ ਵਧਾਉਣ ਦੀ ਅਪੀਲ ਕੀਤੀ ਹੈ । ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਜੇਕਰ ਕੇਂਦਰ ਸਰਕਾਰ ਰਾਜੋਆਣਾ ਦੀ ਰਹਿਮ ਦੀ ਅਪੀਲ ‘ਤੇ ਫੈਸਲਾ ਨਹੀਂ ਕਰਦੀ ਹੈ ਤਾਂ SGPC ਉਨ੍ਹਾਂ ਦੀ ਪਟੀਸ਼ਨ ਵਾਪਸ ਲੈਣ ‘ਤੇ ਵਿਚਾਰ ਕਰੇ। ਪ੍ਰਧਾਨ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਵੱਲੋਂ ਬਣਾਈ ਗਈ 5 ਮੈਂਬਰੀ ਕਮੇਟੀ ਹਰ ਪੱਧਰ ‘ਤੇ ਕੋਸ਼ਿਸ਼ ਕਰ ਰਹੀ ਹੈ ਅਤੇ ਉਮੀਦ ਹੈ ਕਿ ਅਗਲੇ ਕੁਝ ਦਿਨਾਂ ਦੇ ਅੰਦਰ ਸਰਕਾਰ ਦੇ ਨਾਲ ਬੈਠਕ ਹੋਵੇਗੀ । ਇਸ ਤੋਂ ਪਹਿਲਾਂ 5 ਮੈਂਬਰੀ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋ ਰਾਜੋਆਣਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸਮਾਂ ਮੰਗਿਆ ਸੀ । ਪਰ SGPC ਦੇ ਪ੍ਰਧਾਨ ਨੇ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਉਨ੍ਹਾਂ ਨੂੰ ਚਿੱਠੀ ਦੇ ਜਵਾਬ ਵਿੱਚ ਕੇਂਦਰੀ ਗ੍ਰਹਿ ਮੰਤਰੀ ਨਾਲ ਮਿਲਣ ਲਈ ਕਿਹਾ ਗਿਆ ਹੈ । ਜਿਸ ਮਗਰੋਂ ਗ੍ਰਹਿ ਮੰਤਰਾਲੇ ਨਾਲ ਪੱਤਰਾਚਾਰ ਕੀਤਾ ਜਾ ਰਿਹਾ ਹੈ। ਸਰਕਾਰ ਨਾਲ ਗੱਲਬਾਤ ਲਈ ਅਜੇ ਕੁਝ ਹੋਰ ਸਮਾਂ ਲੱਗ ਸਕਦਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ 31 ਦਸੰਬਰ 2023 ਤੱਕ ਦਿੱਤੇ ਹੋਏ ਸਮੇਂ ਨੂੰ ਕੁਝ ਸਮਾਂ ਵਧਾ ਦਿੱਤਾ ਜਾਵੇ, ਤਾਂ ਜੋ ਕਿਸੇ ਠੋਸ ਨਿਰਣੇ ’ਤੇ ਪਹੁੰਚਿਆ ਜਾ ਸਕੇ।
ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਵਲੋਂ ਬਣਾਈ ਗਈ ਕਮੇਟੀ ਨੇ 19 ਦਸੰਬਰ ਦਾ ਦਿੱਲੀ ਦਾ ਮਾਰਚ ਰੱਦ ਕੀਤਾ ਸੀ। ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਸ ਮਾਰਚ ਦਾ ਵਿਰੋਧ ਕੀਤੀ ਸੀ । ਸਾਫ ਹੈ ਕਿ 5 ਮੈਂਬਰੀ ਕਮੇਟੀ ਬੰਦੀ ਸਿੰਘਾ ਦੀ ਰਿਹਾਈ ਦੇ ਮਸਲੇ ਵਿੱਚ ਕੇਂਦਰ ਨਾਲ ਕਿਸੇ ਵੀ ਤਰ੍ਹਾਂ ਟਕਰਾਅ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ ਹੈ ।
ਬਲਵੰਤ ਸਿੰਘ ਰਾਜੋਆਣਾ ਨੇ 4 ਦਸੰਬਰ ਨੂੰ ਭੁੱਖ ਹੜਤਾਲ ਕੀਤੀ ਸੀ ਅਤੇ ਕਿਹਾ ਸੀ ਕਿ ਜਥੇਦਾਰ ਸਾਹਿਬ ਜਦੋਂ ਤੱਕ ਉਨ੍ਹਾਂ ਦੀ ਰਹਿਮ ਦੀ ਅਪੀਲ SGPC ਨੂੰ ਵਾਪਸ ਲੈਣ ਦੇ ਲਈ ਨਹੀਂ ਕਹਿੰਦੇ ਹਨ ਭੁੱਖ ਹੜਤਾਲ ਜਾਰੀ ਰਹੇਗੀ । ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ 6 ਦਸੰਬਰ 2023 ਨੂੰ ਹੋਈ ਇਕੱਤਰਤਾ ਵਿੱਚ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ 5 ਮੈਂਬਰੀ ਕਮੇਟੀ ਗਠਤ ਕੀਤਾ ਜਾਂਦਾ ਹੈ ਅਤੇ ਕੇਂਦਰ ਨੂੰ 31 ਦਸੰਬਰ ਤੱਕ ਸਜ਼ਾ ‘ਤੇ ਫੈਸਲਾ ਲੈਣ ਦਾ ਅਲਟੀਮੇਟਮ ਦਿੱਤਾ ਜਾਂਦਾ ਹੈ । ਜਿਸ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖਤ ਇੱਕ ਵਫਦ ਦੇ ਨਾਲ ਜੇਲ੍ਹ ਵਿੱਚ ਰਾਜੋਆਣਾ ਨਾਲ ਮੀਟਿੰਗ ਕਰਕੇ ਉਨ੍ਹਾਂ ਦੀ ਭੁੱਖ ਹੜਤਾਲ ਖਤਮ ਕਰਵਾਉਂਦੇ ਹਨ ।