Punjab

“ਆਜ਼ਾਦੀ ਤੋਂ ਬਾਅਦ ਵਾਪਰਿਆ ਸਭ ਤੋਂ ਵੱਡਾ ਘੱਲੂ ਘਾਰਾ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਘੱਲੂਘਾਰਾ ਦਿਵਸ ਮੌਕੇ ਬੋਲਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਬਹੁਤ ਵੱਡਾ ਸਾਕਾ ਵਾਪਰਿਆ ਸੀ। ਸਿੱਖ ਕੋਲ ਸਭ ਤੋਂ ਵੱਡਾ ਹਥਿਆਰ ਹੈ ਕਿ ਜੇ ਕੋਈ ਚੜ ਕੇ ਆਉਂਦਾ ਹੈ ਤਾਂ ਉਸ ਨਾਲ ਮੁਕਾਬਲਾ ਕਰਦਾ ਹੈ ਪਰ ਜੇ ਕੋਈ ਮੁਆਫ਼ੀ ਮੰਗੇ ਤਾਂ ਉਸਨੂੰ ਮੁਆਫ਼ ਵੀ ਕਰ ਦਿੰਦਾ ਹੈ। ਧਾਮੀ ਨੇ ਜਥੇਦਾਰ ਵੱਲੋਂ ਗੁਰਦੁਆਰਾ ਸਾਹਿਬਾਨ ਵਿਖੇ ਸ਼ੂਟਿੰਗ ਰੇਂਜ ਬਣਾਉਣ ਦੇ ਦਿੱਤੇ ਹੁਕਮ ਬਾਰੇ ਬੋਲਦਿਆਂ ਕਿਹਾ ਕਿ ਇਸਨੂੰ ਹੋਰ ਪਾਸੇ ਨਾ ਲਿਆ ਜਾਵੇ। ਦੇਸ਼ ਵਿੱਚ ਵੱਖ ਵੱਖ ਸ਼ੂਟਿੰਗ ਸੈਂਟਰ ਬਣੇ ਹੁੰਦੇ ਹਨ। ਜੇ ਕੋਈ ਮਨੁੱਖ ਉਸਦੀ ਟ੍ਰੇਨਿੰਗ ਲੈ ਲੈਂਦਾ ਹੈ ਤਾਂ ਕੋਈ ਮਾੜੀ ਗੱਲ ਨਹੀਂ ਹੈ।

ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਬਾਰੇ ਬੋਲਦਿਆਂ ਕਿਹਾ ਕਿ ਇਸ ਮੁੱਦੇ ਬਾਰੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਨੂੰ ਚਿੱਠੀ ਲਿਖਿਆ ਨੂੰ 15-16 ਦਿਨ ਹੋ ਗਏ ਹਨ। ਪਰ ਸਾਨੂੰ ਉਨ੍ਹਾਂ ਦਾ ਹਾਲੇ ਤੱਕ ਕੋਈ ਸੱਦਾ ਪੱਤਰ ਨਹੀਂ ਆਇਆ। ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਹੋਰਨਾਂ ਧਰਮਾਂ ਦੇ ਪੁਰਾਣੇ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਬਾਹਰ ਆ ਗਏ ਹਨ ਤਾਂ ਫਿਰ ਸਿੱਖ ਕੌਮ ਨਾਲ ਵੱਖਰਾ ਵਰਤਾਰਾ ਕਿਉਂ ਕੀਤਾ ਜਾ ਰਿਹਾ ਹੈ। ਅਸੀਂ ਸਰਕਾਰ ਨੂੰ ਦੋ ਵਾਰ ਇਸ ਮੁੱਦੇ ਬਾਰੇ ਯਾਦ ਵੀ ਕਰਾ ਚੁੱਕੇ ਹਾਂ।

ਸਾਲ 1984 ਵਿੱਚ ਫ਼ੌਜ ਵੱਲੋਂ ਚੁੱਕੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪਾਂ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਅਸੀਂ ਜੁਲਾਈ ਵਿੱਚ ਇਸ ਗੱਲ ਦਾ ਜਵਾਬ ਦੇਵਾਂਗੇ।