ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ 27 ਦਸੰਬਰ ਨੂੰ ਸਵੇਰ 10 ਵਜੇ ਤੋਂ 10:10 ਤੱਕ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਮਾਤਮੀ ਬਿਗਲ ਵੱਜਣਗੇ ਜਿਸ ਦਾ SGPC ਅਤੇ ਹੋਰ ਸਿੱਖ ਸੰਸਥਾਵਾਂ ਨੇ ਵਿਰੋਧ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸ਼ਹੀਦੀ ਦਿਹਾੜੇ ਨੂੰ ਮਾਤਮੀ ਰੰਗਤ ਨਾ ਦਿੱਤੀ ਜਾਵੇ। ਸਾਹਿਜ਼ਾਦਿਆਂ ਦੀ ਸ਼ਹਾਦਤ ਸਿੱਖ ਇਤਿਹਾਸ ਦੇ ਲਈ ਪ੍ਰੇਰਣਾ ਸਰੋਤ ਹੈ। ਸ਼ਹਾਦਤਾਂ ਨੂੰ ਮਾਤਮੀ ਘਟਨਾ ਵਜੋਂ ਉਭਾਰਨਾ ਸਿੱਖ ਸਿਧਾਂਤਾਂ ਦੇ ਖਿਲਾਫ ਹੈ । ਇਸ ਨਾਲ ਸੰਗਤਾਂ ਵਿੱਚ ਗਲਤ ਸੁਨੇਹਾ ਜਾਂਦਾ ਹੈ। SGPC ਪ੍ਰਧਾਨ ਨੇ ਕਿਹਾ ਸ਼ਹਾਦਤ ਮਾਤਮ ਨਹੀਂ ਚੜ੍ਹਦੀ ਕਲਾਂ ਦਾ ਪ੍ਰਤੀਕ ਹੈ। ਉਧਰ ਦੱਲ ਖਾਲਸਾ ਦੇ ਜਨਰਲ ਸਕੱਤਰ ਕਵਰ ਪਾਲ ਸਿੰਘ ਨੇ ਵੀ ਪੰਜਾਬ ਸਰਕਾਰ ਸਰਕਾਰ ਦੇ ਫੈਸਲੇ ਨੂੰ ਸਿੱਖ ਸਿਧਾਂਤਾਂ ਦੇ ਉਲਟ ਦੱਸਿਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਹਿੰਦੂਕਰਨ ਕਰਨਾ ਚਾਹੁੰਦੇ ਹੋ। ਸਿੱਖਾਂ ਵਿੱਚ ਸ਼ਹਾਦਤ ਦੀ ਪਰੰਪਰਾ ਦਾ ਸਥਾਨ ਬਹੁਤ ਉੱਚਾ ਅਤੇ ਸੁੱਚਾ ਹੈ। ਇਸ ਮਾਤਮਾ ਦਾ ਕੋਈ ਥਾਂ ਨਹੀਂ ਹੈ। ਕਵਰ ਪਾਲ ਸਿੰਘ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਸਮਝ ਤੋਂ ਕੰਮ ਲੈਣ ਅਤੇ ਆਪਣੇ ਸਿਧਾਂਤਹੀਣ ਫੈਸਲੇ ਨੂੰ ਵਾਪਸ ਲੈਣ।
ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਮਾਤਮੀ ਬਿਗਲ ਨੂੰ ਲੈਕੇ ਇਤਰਾਜ਼ ਜ਼ਾਹਿਰ ਕਰਦੇ ਹੋਏ ਕਿਹਾ ਸਾਨੂੰ ਸਾਹਿਜ਼ਾਦਿਆਂ ਦੀ ਕੁਰਬਾਨੀ ‘ਤੇ ਫਕਰ ਹੈ ਅਤੇ ਇਸ ਦਿਹਾੜੇ ‘ਤੇ ਮਾਤਮ ਨਹੀਂ ਨਗਾੜੇ ਵਜਾਏ ਜਾਂਦੇ ਹਨ ਵੀਰਰਸ ਦੀਆਂ ਵਾਰਾਂ ਦਾ ਗਾਇਨ ਹੁੰਦਾ ਹੈ । ਉਨ੍ਹਾਂ ਕਿਹਾ ਹੋ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਬਾਰੇ ਜਾਣਕਾਰੀ ਨਾ ਹੋਏ । ਇਸ ਲਈ ਉਨ੍ਹਾਂ ਨੂੰ ਆਪਣਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਵਲਟੋਹਾ ਨੇ ਕਿਹਾ ਸ਼੍ਰੋਮਣੀ ਕਮੇਟੀ ਵੱਲੋਂ ਸਾਦੇ ਪਕਵਾਨ ਬਾਰੇ ਇਸ ਲਈ ਨਿਰਦੇਸ਼ ਦਿੱਤੇ ਗਏ ਹਨ ਤਾਂਕੀ ਅਸੀਂ ਉਨ੍ਹਾਂ ਨੂੰ ਦੱਸ ਸਕੀਏ ਕਿ ਉਸ ਵੇਲੇ ਕਿਵੇਂ ਦੇ ਹਾਲਾਤ ਸਨ ਕਿਵੇਂ ਸਾਹਿਬਜ਼ਾਦਿਆਂ ਨੇ ਮਾਤਾ ਗੁਜਰੀ ਦੇ ਨਾਲ ਦਿਨ ਬਿਤਾਏ ਕਿਸ ਹਾਲਤ ਵਿੱਚ ਰਹੇ, ਉਹ ਇਸ ਨੂੰ ਮਹਿਸੂਸ ਕਰ ਸਕਣ । ਬਿਗਲ ਜੰਗ ਦੇ ਐਲਾਨ ਲਈ ਵੱਜਦੇ ਹਨ ਜਾਂ ਫਿਰ ਮਾਤਮ ਲਈ । ਸਾਹਿਬਜ਼ਾਦਿਆਂ ਦੀ ਕੁਰਬਾਨੀ ਲਾਸਾਨੀ ਹੈ ਇਸ ਨੂੰ ਮਾਤਮ ਨਹੀਂ ਕਿਹਾ ਜਾ ਸਕਦਾ ਹੈ । ਉਧਰ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨ ਰਘਬੀਰ ਸਿੰਘ ਦਾ ਵੀ ਸੰਗਤਾਂ ਨੂੰ ਸ਼ਹੀਦੀ ਦਿਹਾੜੇ ਦੇ ਵੱਡਾ ਹੁਕਮ ਜਾਰੀ ਕੀਤਾ ਹੈ ।
‘ਮੂਲ ਮੰਤਰ ਦਾ ਜਾਪ ਕਰੋ’
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਤੇ ਮਹਾਨ ਸ਼ਹਾਦਤ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਭੇਟ ਕਰਨ ਲਈ ਹਰੇਕ ਸਿੱਖ ਨੂੰ 28 ਦਸੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦਸ ਮਿੰਟ ਲਈ ਮੂਲ-ਮੰਤਰ ਅਤੇ ਗੁਰ-ਮੰਤਰ ਦਾ ਜਾਪ ਕਰਨ ਦਾ ਸੰਦੇਸ਼ ਦਿੱਤਾ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਸੰਸਾਰ ਭਰ ਉੱਤੇ ਸੱਚ ਅਤੇ ਧਰਮ ਦਾ ਪਰਚਮ ਉੱਚਾ ਰੱਖਣ ਅਤੇ ਹਰੇਕ ਪ੍ਰਾਣੀ ਨੂੰ ਆਪਣੀ ਜ਼ਮੀਰ ਦੀ ਆਜ਼ਾਦੀ ਮੁਤਾਬਕ ਜੀਣ ਦਾ ਅਧਿਕਾਰ ਦੇਣ ਲਈ ਹੋਈ ਸੀ। ਉਨ੍ਹਾਂ ਕਿਹਾ ਕਿ ਰਹਿੰਦੀ ਦੁਨੀਆ ਤੱਕ ਮਨੁੱਖੀ ਆਜ਼ਾਦੀ ਲਈ ਇਹ ਮਹਾਨ ਸ਼ਹਾਦਤਾਂ ਚਾਨਣ ਮੁਨਾਰਾ ਰਹਿਣਗੀਆਂ ਅਤੇ ਜਬਰ-ਜ਼ੁਲਮ ਦੇ ਖ਼ਿਲਾਫ਼ ਜੂਝਣ ਲਈ ਦੱਬੀ-ਕੁਚਲੀ ਹੋਈ ਮਾਨਵਤਾ ਦੇ ਅੰਦਰ ਵੀ ਬੀਰ-ਰਸ, ਜੋਸ਼ ਅਤੇ ਚੜ੍ਹਦੀਕਲਾ ਦਾ ਜਜ਼ਬਾ ਪੈਦਾ ਕਰਦੀਆਂ ਰਹਿਣਗੀਆਂ। 13 ਪੋਹ ਸੰਮਤ ਨਾਨਕਸ਼ਾਹੀ 555, ਮੁਤਾਬਿਕ 28 ਦਸੰਬਰ 2023 ਨੂੰ ਸੰਸਾਰ ਭਰ ਵਿਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁਰਬਾਨੀ ਨੂੰ ਸ਼ਰਧਾ-ਸਤਿਕਾਰ ਭੇਟ ਕਰਨ ਲਈ ਸਵੇਰੇ 10 ਵਜੇ ਤੋਂ ਲੈ ਕੇ ਦਸ ਮਿੰਟ ਮੂਲ-ਮੰਤਰ ਅਤੇ ਗੁਰ-ਮੰਤਰ ਦਾ ਜਾਪ ਕਰਨ।