ਬਿਊਰੋ ਰਿਪਰੋਟ : 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇੰਦੌਰ ਵਿੱਚ ਹੋਏ ਸਮਾਗਮ ਦੌਰਾਨ ਮੱਧ ਪ੍ਰਦੇਸ਼ ਦੇ ਸਾਬਕਾ ਸੀਐੱਮ ਕਮਲਨਾਥ (Kamalnath) ਦਾ ਸਨਮਾਨ ਕਰਨ ‘ਤੇ SGPC ਸਖ਼ਤ ਹੋ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ (HARJINDER SINGH DHAMI) ਨੇ ਰਾਗੀ ਮਨਪ੍ਰੀਤ ਸਿੰਘ ਕਾਨਪੁਰੀ (MANPREET SINGH KANPURI) ਵੱਲੋਂ ਕਮਲਨਾਥ ਦਾ ਵਿਰੋਧ ਕਰਨ ‘ਤੇ ਉਨ੍ਹਾਂ ਦੀ ਤਾਰੀਫ਼ ਵੀ ਕੀਤੀ ਹੈ। ਧਾਮੀ ਨੇ SGPC ਦੇ ਫੇਸਬੁੱਕ ਪੇਜ ‘ਤੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪ੍ਰਬੰਧਕਾਂ ਨੇ ਕਮਲਨਾਥ ਦਾ ਸਨਮਾਨ ਕਰਕੇ ਠੀਕ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਮਲਨਾਥ 1984 ਨਸਲਕੁਸ਼ੀ ਦਾ ਮੁਲਜ਼ਮ ਹੈ । SGPC ਪ੍ਰਧਾਨ ਨੇ ਸ੍ਰੀ ਅਕਾਲ ਤਖ਼ਤ ਦੇ (AKAL TAKHAT) ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (HARPREET SINGH) ਨੂੰ ਅਪੀਲ ਕੀਤੀ ਹੈ ਕਿ ਜਿੰਨਾਂ ਪ੍ਰਬੰਧਕਾਂ ਵੱਲੋਂ ਕਮਲਨਾਥ ਨੂੰ ਸੱਦਿਆ ਗਿਆ ਸੀ ਉਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਪ੍ਰਬੰਧਕਾਂ ਨੂੰ ਤਖ਼ਤ ਸਾਹਿਬ ‘ਤੇ ਪੇਸ਼ ਹੋਕੇ ਸਪਸ਼ਟੀਕਰਨ ਮੰਗ ਸਕਦੇ ਹਨ।
‘ਮੈਂ ਕਦੇ ਇੰਦੌਰ ਨਹੀਂ ਆਵਾਂਗਾ’
1984 ਵਿੱਚ ਹੋਏ ਸਿੱਖ ਨਸਲਕੁਸ਼ੀ ਮਾਮਲੇ ਵਿੱਚ ਮੁਲਜ਼ਮ ਮੰਨੇ ਜਾਂਦੇ ਕਾਂਗਰਸੀ ਨੇਤਾ ਕਮਲਨਾਥ ਨੂੰ ਕੀਰਤਨ ਦਰਬਾਰ ‘ਚ ਸਨਮਾਨਿਤ ਕੀਤੇ ਜਾਣਾ ਪ੍ਰਬੰਧਕਾਂ ਨੂੰ ਉਦੋਂ ਭਾਰਾ ਪੈ ਗਿਆ ਸੀ ਜਦੋਂ ਕੀਰਤਨ ਦਰਬਾਰ ਦੀ ਸਟੇਜ ਤੋਂ ਹੀ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਇਸ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ। ਉਹਨਾਂ ਪ੍ਰਬੰਧਕਾਂ ਦੇ ਨਾਲ ਨਾਲ ਹਾਜ਼ਰ ਸੰਗਤ ਨਾਲ ਵੀ ਗੁੱਸਾ ਜ਼ਾਹਿਰ ਕੀਤਾ ਕਿ ਉਹਨਾਂ ਨੇ ਇਹ ਸਭ ਹੁੰਦੇ ਹੋਏ ਦੇਖਿਆ ਹੈ ਪਰ ਵਿਰੋਧ ਨਹੀਂ ਕੀਤਾ। ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਇੱਕ ਤਰਾਂ ਨਾਲ ਸਖਤ ਸ਼ਬਦਾਂ ਵਿੱਚ ਫਟਕਾਰ ਲਾਉਂਦੇ ਹੋਏ ਕਿਹਾ ਹੈ,”ਕਿਹੜੇ ਸਿਧਾਂਤ ਦੀ ਗੱਲ ਕਰ ਰਹੇ ਹੋ, ਤੁਹਾਡੇ ਗੱਲਾਂ ਵਿੱਚ ਟਾਇਰ ਪਾ ਪਾ ਕੇ ਸਾੜਿਆ ਗਿਆ,ਤੁਹਾਨੂੰ ਫਿਰ ਵੀ ਸ਼ਰਮ ਨਹੀਂ।“ ਇਸ ਮੌਕੇ ਸੰਗਤ ਵਲੋਂ ਜੈਕਾਰੇ ਛੱਡੇ ਜਾਣ ਤੇ ਵੀ ਉਹਨਾਂ ਸਖਤ ਸ਼ਬਦਾਂ ਵਿੱਚ ਕਿਹਾ “ਰਹਿਣ ਦਿਉ ਜੈਕਾਰੇ, ਤੁਹਾਡੇ ਅੰਦਰ ਸਭ ਕੁੱਝ ਮਰ ਚੁੱਕਾ ਹੈ। ਤੁਹਾਡਾ ਜ਼ਮੀਰ ਹੀ ਜਿੰਦਾ ਨਹੀਂ ਹੈ।“ ਉਹਨਾਂ ਇਹ ਵੀ ਤਾੜਨਾ ਕੀਤੀ ਹੈ ਕਿ ਇਸ ਦੀ ਖਮਿਆਜ਼ਾ ਹੁਣ ਕੌਮ ਜਲਦੀ ਭੁਗਤੇਗੀ।
ਮਨਪ੍ਰੀਤ ਸਿੰਘ ਕਾਨਪੁਰੀ ਨੇ ਪ੍ਰੋਗਰਾਮ ਦੇ ਪ੍ਰਬੰਧਕਾਂ ਨੂੰ ਫ਼ਟਕਾਰ ਲਗਾਈ ਤੇ ਕਿਹਾ ਸੀ ਕਿ ਤੁਹਾਡੀ ਜ਼ਮੀਰ ਜ਼ਿੰਦਾ ਹੁੰਦੀ ਤਾਂ ਅੱਜ ਇਹ ਨਹੀਂ ਹੁੰਦਾ। ਮਨਪ੍ਰੀਤ ਸਿੰਘ ਕਾਨਪੁਰੀ ਇੰਨਾ ਗੁੱਸੇ ਹੋਏ ਕਿ ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਦੁਬਾਰਾ ਕਦੇ ਵੀ ਇੰਦੌਰ ਨਹੀਂ ਜਾਣਗੇ। ਦੱਸ ਦਈਏ ਕਿ ਕਮਲਨਾਥ ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇਲਜ਼ਾਮ ਲਗਦੇ ਰਹੇ ਨੇ। ਕੱਲ ਉਹ ਇੰਦੌਰ ‘ਚ ਧਾਰਮਿਕ ਸਮਾਗਮ ‘ਚ ਸ਼ਾਮਲ ਹੋਏ ਸਨ ਤੇ ਥੋੜ੍ਹੀ ਦੇਰ ਰੁਕਣ ਤੋਂ ਬਾਅਦ ਚਲੇ ਗਏ ਸੀ।
ਪ੍ਰਬੰਧਕਾਂ ਦੀ ਸਫਾਈ
ਦੂਜੇ ਪਾਸੇ ਇਸ ਪੂਰੀ ਘਟਨਾ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ ਅਤੇ ਪੰਜਾਬ ਵੀ ਪਹੁੰਚ ਗਈਆਂ ਸਨ, ਜਿੱਥੇ ਇਸ ਨੂੰ ਲੈ ਕੇ ਹਲਚਲ ਮਚ ਗਈ ਹੈ। ਮਾਮਲੇ ਸਬੰਧੀ ਗੁਰਸਿੰਘ ਸਿੱਖ ਸਭਾ ਦੇ ਪ੍ਰਧਾਨ (ਇੰਚਾਰਜ) ਦਾਨਵੀਰ ਸਿੰਘ ਛਾਬੜਾ ਦਾ ਕਹਿਣਾ ਹੈ ਕਿ ਅਜਿਹਾ ਕੁਝ ਨਹੀਂ ਹੋਇਆ। ਦੁਪਹਿਰ ਵੇਲੇ ਕਮਲਨਾਥ ਪੁੱਜਣ ਕਾਰਨ ਕੀਰਤਨ ਦਾ ਪ੍ਰੋਗਰਾਮ ਦੋ-ਪੰਜ ਮਿੰਟ ਲੇਟ ਹੋ ਗਿਆ,ਜਿਸ ਕਾਰਨ ਕੀਰਤਨਕਾਰ ਮਨਪ੍ਰੀਤ ਸਿੰਘ ਨਾਰਾਜ਼ ਹੋ ਗਏ। ਜਦੋਂ ਉਨ੍ਹਾਂ ਨੂੰ ਵੀਡੀਓ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੀਰਤਨਕਾਰ ਦੀ ਨਰਾਜ਼ਗੀ ਕਮਲਨਾਥ ਨੂੰ ਸਿਰੋਪਾਓ ਸੌਂਪਣ ਲਈ ਸੀ ਕਿ ਇਹ ਸਮਾਜ ਦੇ ਲੋਕਾਂ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ। ਕਮਲਨਾਥ ਨੂੰ ਸਿਰੋਪਾਓ ਨਹੀਂ ਸਗੋਂ ਯਾਦਗਾਰੀ ਚਿੰਨ੍ਹ ਦਿੱਤਾ ਜਾਣਾ ਸੀ। ਵੀਡੀਓ ਵਿੱਚ ਕਮਲ ਨਾਥ ਨੂੰ ਦਾ ਵਿਰੋਧ ਕਰਨ ਬਾਰੇ ਜਦੋਂ ਸਾਰੀਆਂ ਗੱਲਾਂ ਦੱਸੀਆਂ ਤਾਂ ਉਨ੍ਹਾਂ ਕਿਹਾ ਕਿ ਇਹ ਮਨਪ੍ਰੀਤ ਸਿੰਘ ਦੇ ਨਿੱਜੀ ਵਿਚਾਰ ਹੋ ਸਕਦੇ ਹਨ।