ਬਿਊਰੋ ਰਿਪੋਰਟ (ਚੰਡੀਗੜ੍ਹ, 16 ਦਸੰਬਰ 2025): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਤਿੰਨ ਸ਼ਹਿਰਾਂ ਨੂੰ ‘ਪਵਿੱਤਰ ਸ਼ਹਿਰ’ ਦਾ ਦਰਜਾ ਦੇਣ ਦੇ ਪੰਜਾਬ ਸਰਕਾਰ ਦੇ ਫੈਸਲੇ ਮਗਰੋਂ ਮੀਟ ਦੀ ਪਾਬੰਧੀ ’ਤੇ ਸਖ਼ਤ ਇਤਰਾਜ਼ ਜਤਾਇਆ ਹੈ।
ਕਿਰਨਜੋਤ ਕੌਰ ਨੇ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਉੱਤੇ ਸਿੱਖਾਂ ਦਾ ‘ਬ੍ਰਾਹਮਣੀਕਰਨ’ ਕਰਨ ਦਾ ਇਲਜ਼ਮ ਲਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਫ਼ੇਸਲੇ ਰਾਹੀਂ ਡੇਰੇਦਾਰਾਂ ਦੀ ਮਰਿਆਦਾ ਨੂੰ ਅੱਗੇ ਵਧਾਇਆ ਹੈ, ਜੋ ਕਿ ਸਿੱਖ ਮਰਿਆਦਾ ਦੇ ਉਲਟ ਹੈ।
ਝਟਕਾ ਮੀਟ ਸਿੱਖਾਂ ਦਾ ਹੱਕ
ਬੀਬੀ ਕਿਰਨਜੋਤ ਕੌਰ ਨੇ ਆਪਣੇ ਬਿਆਨ ਵਿੱਚ ਸਿੱਖ ਰਹਿਤ ਮਰਿਆਦਾ ਦੇ ਕੁਝ ਪਹਿਲੂਆਂ ਨੂੰ ਸਪੱਸ਼ਟ ਕੀਤਾ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਤੰਬਾਕੂ ਅਤੇ ਕੁੱਠਾ (ਹਲਾਲ) ਮੀਟ ਦੋਵੇਂ ‘ਬੱਜਰ ਕੁਰਹਿਤ’ ਹਨ, ਅਤੇ ਸ਼ਰਾਬ ਤੇ ਹੋਰ ਨਸ਼ੇ ਵੀ ਸਿੱਖੀ ਵਿੱਚ ਮਨ੍ਹਾ ਹਨ।
ਹਾਲਾਂਕਿ, ਉਨ੍ਹਾਂ ਨੇ ‘ਝਟਕਾ ਮੀਟ’ ਨੂੰ ਸਿੱਖਾਂ ਦਾ ਹੱਕ ਦੱਸਿਆ। ਉਨ੍ਹਾਂ ਨੇ ਇਤਿਹਾਸਿਕ ਹਵਾਲਾ ਦਿੰਦੇ ਹੋਏ ਕਿਹਾ ਕਿ ਅਕਾਲੀ ਦਲ ਨੇ ਇਸ ਹੱਕ ਦੀ ਰਾਖੀ ਲਈ 1935 ਵਿੱਚ ‘ਝਟਕਾ ਕਾਨਫ਼ਰੰਸ’ ਵੀ ਕੀਤੀ ਸੀ।
ਇਤਿਹਾਸਕ ਪ੍ਰਮਾਣਾਂ ਦਾ ਜ਼ਿਕਰ
ਕਿਰਨਜੋਤ ਕੌਰ ਨੇ ਗੁਰੂ ਸਾਹਿਬਾਨ ਅਤੇ ਸਿੱਖਾਂ ਦੇ ਸ਼ਿਕਾਰ ਖੇਡਣ ਦੇ ਕਈ ਕਿੱਸੇ ਹੋਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਖਾਸ ਤੌਰ ’ਤੇ ਗੁਰੂ ਨਾਨਕ ਦੇਵ ਜੀ ਨਾਲ ਜੁੜੀ ਇੱਕ ਸਾਖੀ ਦਾ ਹਵਾਲਾ ਦਿੱਤਾ, ਜਿਸ ਵਿੱਚ ਸੂਰਜ ਗ੍ਰਹਿਣ ਵੇਲੇ ਕੁਰੂਕਸ਼ੇਤਰ ਵਿਖੇ ਹਿਰਨ ਦਾ ਮਾਸ ਰਿੰਨ੍ਹਣ ਦੀ ਗੱਲ ਆਉਂਦੀ ਹੈ।
ਉਨ੍ਹਾਂ ਨੇ ਐਸਜੀਪੀਸੀ ਦੇ ਪ੍ਰਧਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਸਰਕਾਰ ਦੇ ਇਸ ਫੈਸਲੇ ‘ਤੇ ਤੁਰੰਤ ਇਤਰਾਜ਼ ਜਤਾਉਣ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਉਹ ‘ਡੇਰੇਦਾਰਾਂ ਦੀ ਮਰਿਆਦਾ ਤੋਂ ਸਿੰਘਾਂ ਦੀ ਮਰਿਆਦਾ ਵੱਲ ਮੁੜ ਆਵੇ।’

