ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੁਲਾਜ਼ਮ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਦਰਅਸਲ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਉੱਚ ਅਧਿਕਾਰੀਆਂ ਤੋਂ ਤੰਗ ਆ ਕੇ ਤੇਜ਼ਾਬ ਪੀ ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਲਾਜ ਅਧੀਨ ਉਨ੍ਹਾਂ ਅੱਜ ਦਮ ਤੋੜ ਦਿੱਤਾ। ਮ੍ਰਿਤਕ SGPC ਮੁਲਾਜ਼ਮ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ। ਉਹ ਸ੍ਰੀ ਦਰਬਾਰ ਸਾਹਿਬ ਦੇ ਰਿਕਾਰਡ ਕੀਪਰ ਵਿੱਚ ਕੰਮ ਕਰਦੇ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ SHO ਸਰਬਜੀਤ ਸਿੰਘ ਨੇ ਦੱਸਿਆ ਕਿ ਚਰਨਜੀਤ ਸਿੰਘ ਦੀ ਪਤਨੀ ਸਿਮਰਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਿਮਰਜੀਤ ਕੌਰ ਨੇ ਆਪਣੇ ਪਤੀ ਨੂੰ ਤੰਗ-ਪਰੇਸ਼ਾਨ ਕਰਨ ਲਈ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਘੇੜਾ, ਸੁਪਰਵਾਈਜ਼ਰ ਸੁਖਵੰਤ ਸਿੰਘ ਪਰਵਾਨਾ ਤੇ ਸਹਾਇਕ ਅਕਾਊਂਟੈਂਟ ਹਰਪਾਲ ਸਿੰਘ ਦਾ ਨਾਂ ਲਿਖਵਾਇਆ ਹੈ। SHO ਸਰਬਜੀਤ ਸਿੰਘ ਨੇ ਕਿਹਾ ਇੰਨਾਂ ਤਿੰਨਾਂ ਅਧਿਕਾਰੀਆਂ ਨੂੰ ਥਾਣੇ ਵਿੱਚ ਪੁੱਛ-ਪੜਤਾਲ ਲਈ ਬੁਲਾਇਆ ਗਿਆ ਹੈ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਮ੍ਰਿਤਕ ਦੀ ਪਤਨੀ ਸਿਮਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਮੈਨੇਜਰ ਭਗਵੰਤ ਸਿੰਘ ਧੰਘੇੜਾ, ਸੁਖਵੰਤ ਸਿੰਘ ਪਰਵਾਨਾ ਤੇ ਹਰਪਾਲ ਸਿੰਘ ਪਰੇਸ਼ਾਨ ਕਰ ਰਹੇ ਸਨ। ਇਸੇ ਕਰਕੇ ਚਰਨਜੀਤ ਸਿੰਘ ਪਹਿਲਾਂ ਸ਼ੁੱਕਰਵਾਰ (3 ਮਈ, 2024) ਨੂੰ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਸ ਲਈ ਉਨ੍ਹਾਂ ਦਫ਼ਤਰ ਤੋਂ ਪੰਜ ਦਿਨ ਦੀ ਛੁੱਟੀ ਮੰਗੀ ਸੀ ਪਰ ਮੈਨੇਜਰ ਦੇ ਕਹਿਣ ’ਤੇ ਇਹ ਤਿੰਨੇ ਮੁਲਾਜ਼ਮ ਉਨ੍ਹਾਂ ਨੂੰ ਫ਼ੋਨ ਕਰ ਕੇ ਪਰੇਸ਼ਾਨ ਕਰ ਰਹੇ ਸਨ।
ਆਖ਼ਰ 4 ਮਈ ਨੂੰ ਸੁਖਵੰਤ ਸਿੰਘ ਪਰਵਾਨਾ ਤੇ ਹਰਪਾਲ ਸਿੰਘ ਉਨ੍ਹਾਂ ਦੇ ਘਰ ਆਏ ਅਤੇ ਚਰਨਜੀਤ ਸਿੰਘ ਨਾਲ ਕਿਸੇ ਜਾਂਚ ਪੜਤਾਲ ਸਬੰਧੀ ਗੱਲਬਾਤ ਕਰਨ ਲੱਗੇ। ਦੋਵਾਂ ਨੇ ਚਰਨਜੀਤ ਸਿੰਘ ਨਾਲ ਤਲਖ਼ੀ ਭਰੇ ਸ਼ਬਦ ਵੀ ਬੋਲੇ, ਇਹ ਸਾਰੀ ਘਟਨਾ ਉਨ੍ਹਾਂ ਦੇ ਘਰ ਲੱਗੇ ਸੀਸੀਟੀਵੀ ਵਿੱਚ ਵੀਡੀਓ ਤੇ ਆਡੀਓ ਸਮੇਤ ਰਿਕਾਰਡ ਹੋਈ ਹੈ।