Punjab

‘ਹੁਣ ਧੋਖਾ ਨਹੀਂ ਦਿੱਤਾ ਜਾ ਸਕਦਾ!’ ‘ਵਾਰ-ਵਾਰ ਪਰਖਿਆਂ ਉੱਤੇ ਪੰਥ ਕਿਵੇਂ ਵਿਸ਼ਵਾਸ਼ ਕਰੇ!’ ‘ਪੰਜਾਬ ਪ੍ਰਸਤ ਤੇ ਪੰਥ ਪ੍ਰਸਤ ਨੌਜਵਾਨੀ ਅੱਗੇ ਆਏ!’

ਬਿਉਰੋ ਰਿਪੋਰਟ – ਅਕਾਲੀ ਦਲ ਵਿੱਚ ਬਗ਼ਾਵਤ ਪਿੱਛੇ ਸੁਖਬੀਰ ਸਿੰਘ ਬਾਦਲ ਦੇ ਪੰਥ ਵਿਰੋਧੀ ਫੈਸਲੇ ਜ਼ਿੰਮੇਵਾਰ ਹਨ ਜਾਂ ਇਹ ਸਿਰਫ਼ ਸੱਤਾ ਹਾਸਲ ਕਰਨ ਵਿੱਚ ਹੋਈ ਨਾਕਾਮੀ ਦੀ ਸਿਆਸੀ ਲੜਾਈ ਹੈ। ਇਸ ਨੂੰ ਲੈਕੇ SGPC ਦੇ 2 ਵੱਡੇ ਸੀਨੀਅਰ ਆਗੂਆਂ ਬੀਬੀ ਕਿਰਨਜੋਤ ਕੌਰ ਅਤੇ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਦੀ ਰਾਇ ਸਾਹਮਣੇ ਆਈ ਹੈ। ਮਾਸਟਰ ਤਾਰਾ ਦੀ ਦੋਤਰੀ ਅਤੇ SGPC ਦੀ ਮੈਂਬਰ ਦੇ ਨਾਲ ਬਾਗ਼ੀ ਗੁੱਟ ਵਿੱਚ ਸ਼ਾਮਲ ਬੀਬੀ ਕਿਰਨਜੋਤ ਨੇ ਫੇਸਬੁੱਕ ਪੋਸਟ ਰਾਹੀਂ ਮੌਜੂਦਾ ਸਥਿਤੀ ਨੂੰ ਬਿਆਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਮੁਆਫ਼ੀ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਹਨ।

ਉਨ੍ਹਾਂ ਲਿਖਿਆ, “ਪੰਥਕ ਮਰਯਾਦਾ ਸਿਆਸਤ ਦੀ ਭੇਂਟ ਨਹੀਂ ਚੜ੍ਹਨ ਦਿੱਤੀ ਜਾਏਗੀ। “ਪੰਥਕ” ਜਥੇਬੰਦੀ ਤੋਂ ਜੇ ਅਜਿਹੀ ਗ਼ਲਤੀ ਹੋ ਜਾਏ ਜਿਸ ਤੋਂ ਪੰਥ ਨਾਰਾਜ਼ ਹੋ ਜਾਏ ਤਾਂ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ ਪੇਸ਼ ਹੋ ਕੇ ਗ਼ਲਤੀ ਦਾ ਏਤਰਾਫ ਕੀਤਾ ਜਾਂਦਾ ਹੈ ਅਤੇ ਤਨਖ਼ਾਹ ਲਗਵਾ ਕੇ ਭੁੱਲ ਬਖ਼ਸ਼ਾਈ ਜਾਂਦੀ ਹੈ। ਪੰਥ ਬਖ਼ਸ਼ਣਹਾਰ ਹੈ। ਆਪੇ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਬਣੇ ਬਾਬਾ ਗੁਰਬਖ਼ਸ਼ ਸਿੰਘ ਦੇ ਗੁਰਦਵਾਰੇ ਜਾ ਕੇ, ਸੇਵਾ ਕਰਕੇ, ਅਖੰਡ ਪਾਠ ਰੱਖ ਕੇ ਆਪਣੀ ਮਰਜ਼ੀ ਦੀ ਅਰਦਾਸ ਲਿਖ ਕੇ ਅਰਦਾਸੀਆ ਸਿੰਘ ਤੋਂ ਕਰਵਾ ਕੇ ਭੁੱਲ manage ਨਹੀਂ ਹੋ ਸਕਦੀ। ਪੰਥ ਦੀ ਕਚਹਿਰੀ ਨੇ ਪਰਵਾਨ ਨਹੀਂ ਕੀਤਾ।”

ਉੱਧਰ SGPC ਦੇ ਜਰਨਲ ਸਕੱਤਰ ਅਤੇ ਬੇਅਦਬੀ ਮਾਮਲੇ ਵਿੱਚ ਪਾਰਟੀ ਦੇ ਸਟੈਂਡ ’ਤੇ ਡੱਟ ਕੇ ਵਿਰੋਧ ਕਰਨ ਵਾਲੇ ਸੁਖਦੇਵ ਸਿੰਘ ਭੌਰ ਨੇ ਬਾਗ਼ੀਆਂ ਨੂੰ ਵੱਡੀ ਨਸੀਅਤ ਦੇ ਨਾਲ ਤੰਜ ਵੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬਾਦਲ ਦਲ ਦਾ ਕਾਟੋਕਲੇਸ਼ ਖੂਬ ਸੁਰਖੀਆਂ ਬਟੋਰ ਰਿਹਾ ਹੈ | ਦੋਨੋਂ ਧੜੇ ਆਪਣੇ ਆਪ ਨੂੰ ਦੁੱਧ ਧੋਤੇ ਸਾਬਿਤ ਕਰਨ ਲਈ ਪੂਰਾ ਤਾਣ ਲਾ ਰਹੇ ਹਨ, ਅਤੀਤ ਵਿੱਚ ਖ਼ਾਲਸਾ ਪੰਥ ਨਾਲ ਕੀਤੇ ਗੁਨਾਹਾਂ ਅਤੇ ਧੋਖਿਆਂ ਨੂੰ ਇੱਕ ਦੂਜੇ ਸਿਰ ਮੜ੍ਹ ਕੇ ਸੁਥਰੇ ਹੋਣ ਦੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਵੋਟਾਂ ਦੀ ਖ਼ਾਤਰ ਪੰਥਕ ਹਿੱਤਾਂ ਨੂੰ ਪਿੱਠ ਦਿਖਾ ਕੇ ਸੌਦਾ ਸਾਧ ਨਾਲ ਯਾਰੀਆਂ ਸਾਰੇ ਪਾਲਦੇ ਰਹੇ ਹਨ। ਇਹੀ ਕਾਰਨ ਹਨ ਨਾਂ ਇਨ੍ਹਾਂ ਦਾ ਮੂੰਹ ਬਰਗਾੜੀ ਦੀਆਂ ਘਟਨਾਵਾਂ ਸਮੇਂ ਖੁੱਲ੍ਹਿਆ, ਨਾਂ ਸੌਦਾ ਸਾਧ ਨੂੰ ਜਥੇਦਾਰਾਂ ਦੀ ਧੌਣ ’ਤੇ ਗੋਡਾ ਰੱਖ ਕੇ ਮੁਆਫ਼ੀ ਦੇਣ ਸਮੇਂ ਖੁੱਲ੍ਹਿਆ। ਇਹ ਤਾਂ ਸਾਰਾ ਸਾਰਾ ਦਿਨ ਬਾਦਲਾਂ ਦੀਆਂ ਟੈਲੀਵਿਜ਼ਨਾਂ ’ਤੇ ਸਫ਼ਾਈਆਂ ਦਿੰਦੇ ਰਹੇ ਹਨ। ਜੇ ਉਸ ਸਮੇਂ ਕੁਝ ਕੀਤਾ ਹੁੰਦਾ ਤਾਂ ਅੱਜ ਨਾਂ ਤੁਹਾਨੂੰ ਇਹ ਦਿਨ ਦੇਖਣੇ ਪੈਂਦੇ ਅਤੇ ਨਾਂ ਅੱਜ ਪੰਥਕ ਸੰਸਥਾਵਾਂ ਅਤੇ ਅਕਾਲੀ ਦੱਲ ਦੀ ਇਹ ਹਾਲਤ ਹੁੰਦੀ।

ਦਰਅਸਲ ਇਹ ਫੁੱਟ ਬਾਦਲ ਦੱਲ ਵਿੱਚ ਕੇਵਲ ਸਿਆਸੀ ਤਾਕਤ ਹਥਿਆਉਣ ਲਈ ਪਈ ਹੈ। ਪੰਥਕ ਸਰੋਕਾਰਾਂ ਨਾਲ ਇਸ ਦਾ ਦੂਰ ਦਾ ਵੀ ਕੋਈ ਰਿਸ਼ਤਾ ਨਹੀਂ ਹੈ। ਜਿਹੜੇ ਲੋਕ ਕਦੀਂ ਬਾਦਲ ਪਰਿਵਾਰ ਨੂੰ ਸਿਆਸੀ ਪਾਵਰ ਬੈਂਕ ਸਮਝਦੇ ਰਹੇ ਹਨ ਅਤੇ ਸਿਆਸੀ ਤਾਕਤ ਹਾਸਿਲ ਕਰਨ ਲਈ ਪੰਥ ਉੱਤੇ ਹੁੰਦਾ ਹਰ ਜ਼ੁਲਮ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ ਹਨ ਉਨ੍ਹਾਂ ਨੂੰ ਬਾਦਲ ਦਲ ਦੀਆਂ ਵਾਰ-ਵਾਰ ਹੋ ਰਹੀਆਂ ਨਮੋਸ਼ੀਜਨਕ ਹਾਰਾਂ ਨੇ ਇਹ ਸਮਝਾ ਦਿੱਤਾ ਹੈ ਕਿ ਹੁਣ ਪੰਥ ਦੇ ਮਨਾਂ ਵਿਚੋਂ ਉੱਤਰ ਚੁੱਕਾ ਬਾਦਲ ਪ੍ਰੀਵਾਰ ਇਹਨਾਂ ਨੂੰ ਸਿਆਸੀ ਤਾਕਤ ਦੇਣ ਦੇ ਸਮਰੱਥ ਨਹੀਂ ਰਿਹਾ ਅਤੇ ਇਹਨਾਂ ਅੱਕੀਂ ਪਲਾਹੀਂ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਹਨ।

ਪਰ ਹੁਣ ਖ਼ਾਲਸਾ ਪੰਥ ਸੁਚੇਤ ਹੈ, ਵਾਰ ਵਾਰ ਰੁੱਸਣ ਅਤੇ ਕੁੱਝ ਸੌਦਾ ਕਰ ਕੇ ਫਿਰ ਮੰਨ ਜਾਣ ਦੀ ਖੇਡ ਖੇਡ ਕੇ ਘਰ ਵਾਪਸੀ ਹੁੰਦੀ, ਪੰਥ ਨੇ ਬਹੁਤ ਵਾਰ ਵੇਖ ਲਈ ਹੈ। ਹੁਣ ਧੋਖਾ ਨਹੀਂ ਦਿੱਤਾ ਜਾ ਸਕਦਾ। ਵਾਰ-ਵਾਰ ਪਰਖਿਆਂ ਉੱਤੇ ਪੰਥ ਕਿਵੇਂ ਵਿਸ਼ਵਾਸ਼ ਕਰੇ। ਖ਼ਾਲਸਾ ਪੰਥ ਨੂੰ ਆਪਣੀਆਂ ਪੰਥਕ ਸੰਸਥਾਵਾਂ ਦੀ ਵਕਾਰ ਬਹਾਲੀ ਅਤੇ ਆਪਣੀ ਰਾਜਨੀਤਕ ਧਿਰ ਦੀ ਸਥਾਪਤੀ ਲਈ ਲੰਬਾ ਸੰਘਰਸ਼ ਲੜਨਾ ਪੈਣਾ ਹੈ, ਪੰਜਾਬ ਪ੍ਰਸਤ ਅਤੇ ਪੰਥ ਪ੍ਰਸਤ ਨੌਜਵਾਨੀ ਨੂੰ ਨਿਰਸਵਾਰਥ ਪੰਜਾਬ ਤੇ ਪੰਥ ਪ੍ਰਸਤ ਸਨੇਹੀਆਂ ਦਾ ਸਾਥ ਲੈ ਕੇ ਸਾਹਮਣੇ ਆਉਣਾ ਪੈਣਾ ਹੈ। ਤਾਂ ਹੀ ਪੰਥ ਅਤੇ ਪੰਜਾਬ ਦਾ ਮਾਣ ਕਾਇਮ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ – ਦਿੱਲੀ-NCR ‘ਚ ਭਾਰੀ ਮੀਂਹ- ਕਈ ਥਾਵਾਂ ‘ਤੇ ਲੱਗੇ ਜਾਮ, ਕਾਰਾਂ ਪਾਣੀ ‘ਚ ਡੁੱਬੀਆਂ