ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਵਿੱਚ ਹੁੰਦੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਆਪਣਾ ਵੈਬ ਚੈਨਲ ਲਾਂਚ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਵੈੱਬ ਚੈਨਲ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਲੈਣ ਵਾਸਤੇ ਸ਼੍ਰੀ ਅਖੰਡ ਪਾਠ ਸ਼ੁਰੂ ਕੀਤੇ ਗਏ ਸੀ, ਜਿਸ ਦਾ ਅੱਜ ਸਵੇਰੇ ਭੋਗ ਪਿਆ। ਭੋਗ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ ਅਤੇ ਰਸਮਈ ਕੀਰਤਨ ਗਾਇਨ ਕੀਤਾ ਗਿਆ। ਇਸ ਸਮਾਗਮ ਵਿੱਚ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਹਾਜ਼ਰੀ ਭਰੀ।
ਧਾਮੀ ਨੇ ਕਿਹਾ ਕਿ ਧਾਮੀ ਨੇ ਚੈਨਲ ਬਾਰੇ ਦੱਸਦਿਆਂ ਕਿਹਾ ਕਿ ਇਸ ਯੂਟਿਊਬ ਚੈਨਲ ਦੇ ਸਾਰੇ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ ਰੱਖੇ ਹਨ, ਅਸੀਂ ਇਸਦਾ ਲਿੰਕ ਕਿਸੇ ਹੋਰ ਨੂੰ ਨਹੀਂ ਦਿਆਂਗੇ ਕਿਉਂਕਿ ਲਿੰਕ ਵਿੱਚ ਕਈ ਵਾਰ ਬਹੁਤ ਸਾਰੀਆਂ ਤਰੁੱਟੀਆਂ ਆ ਜਾਂਦੀਆਂ ਹਨ। ਚੈਨਲ ਦੇ ਨਾਮ ਬਾਰੇ ਬੋਲਦਿਆਂ ਧਾਮੀ ਨੇ ਦੱਸਿਆ ਕਿ ਇਸ ਚੈਨਲ ਦਾ ਪਹਿਲਾਂ ਨਾਮ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਰੱਖਿਆ ਗਿਆ ਸੀ, ਫਿਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਰੱਖਿਆ ਗਿਆ। ਉਸ ਤੋਂ ਬਹੁਤ ਸਾਰੇ ਲੋਕਾਂ ਨੇ ਨਾਮ ਉੱਤੇ ਬਹੁਤ ਸਾਰੇ ਸੁਝਾਅ ਦਿੱਤੇ।
ਇਸ ਕਰਕੇ ਹੁਣ ਇਸਦਾ ਨਾਮ ਤਬਦੀਲ ਕਰਕੇ ‘SGPC Amritsar’ ਹੋਵੇਗਾ। ਧਾਮੀ ਨੇ ਕਿਹਾ ਕਿ ਇਹ ਚੈਨਲ ਤਿੰਨ ਮਹੀਨੇ ਚੱਲੇਗਾ, ਉਸ ਤੋਂ ਬਾਅਦ ਅਸੀਂ ਸੈਟੇਲਾਈਟ ਚੈਨਲ ਸ਼ੁਰੂ ਕਰਾਂਗੇ, ਥੋੜੀ ਬਹੁਤ ਦੇਰੀ ਹੋ ਸਕਦੀ ਹੈ ਪਰ ਇਹ ਚੈਨਲ ਜ਼ਰੂਰ ਲਾਂਚ ਹੋਵੇਗਾ। ਸਾਡਾ ਪੀਟੀਸੀ ਦੇ ਨਾਲ ਦੁਬਾਰਾ ਹੁਣ ਕੋਈ ਐਗਰੀਮੈਂਟ ਨਹੀਂ ਹੋਇਆ, ਸਿਰਫ਼ ਕੁਝ ਸਮੇਂ ਲਈ ਉੱਥੇ ਗੁਰਬਾਣੀ ਦਾ ਪ੍ਰਸਾਰਣ ਹੋਵੇਗਾ।
ਧਾਮੀ ਨੇ ਕਿਹਾ ਕਿ ਅੱਜ ਖ਼ਾਲਸਾ ਪੰਥ ਲਈ ਬੜਾ ਇਤਿਹਾਸਕ ਦਿਨ ਹੈ, ਉੱਥੇ ਹੀ ਕੁਝ ਰੂਹਾਂ ਈਰਖਾ ਨਾਲ ਸੜ ਰਹੀਆਂ ਹਨ। ਧਾਮੀ ਨੇ ਕਿਸੇ ਦਾ ਨਾਮ ਨਾ ਲੈਂਦਿਆਂ ਕਿਹਾ ਕਿ ਉਹ ਕਹਿ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਝੂਠ ਬੋਲ ਰਿਹਾ ਹੈ ਜਦਕਿ ਅਸੀਂ ਅੱਜ ਆਪਣਾ ਯੂਟਿਊਬ ਚੈਨਲ ਲਾਂਚ ਕਰ ਰਹੇ ਹਾਂ। ਮੈਂ ਕਿਧਰੇ ਵੀ ਇਹ ਨਹੀਂ ਸੀ ਕਿਹਾ ਕਿ ਅਸੀਂ ਸੈਟੇਲਾਈਟ ਚੈਨਲ 23 ਜੁਲਾਈ ਨੂੰ ਲਾਂਚ ਕਰਾਂਗੇ, ਅਸੀਂ ਯੂਟਿਊਬ ਚੈਨਲ ਦੀ ਗੱਲ ਕਹੀ ਸੀ। ਜੋ ਇਹ ਝੂਠ ਬੋਲ ਰਹੇ ਹਨ, ਉਨ੍ਹਾਂ ਨੂੰ ਆਪਣੇ ਅੰਦਰ ਵੀ ਝਾਤੀ ਮਾਰਨੀ ਚਾਹੀਦੀ ਹੈ ਕਿ ਕਿਸੇ ਵੇਲੇ ਤੁਸੀਂ ਵੀ ਇਹ ਕਾਰਜ ਸ਼ੁਰੂ ਕੀਤੇ ਸਨ, ਉਸ ਵੇਲੇ ਤੁਸੀਂ ਉਸਨੂੰ ਕਿਉਂ ਨਹੀਂ ਸਿਰੇ ਚੜਾਇਆ। ਜੇ ਅੱਜ ਅਸੀਂ ਉਸ ਕਾਰਜ ਨੂੰ ਸਿਰੇ ਚੜਾਇਆ ਹੈ ਤਾਂ ਹੁਣ ਉਨ੍ਹਾਂ ਦੇ ਮੂੰਹ ਈਰਖਾ ਚੜ ਕੇ ਬੋਲ ਰਹੀ ਹੈ।
ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਉਹ ਕਹਿ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਹੀ ਵਿਉਂਤਬੰਦੀ ਕੀਤੀ ਹੋਈ ਸੀ। ਅਸੀਂ ਕੋਈ ਵਿਉਂਤਬੰਦੀ ਨਹੀਂ ਕੀਤੀ, ਅਸੀਂ ਯੂਟਿਊਬ ਦਾ ਵਾਅਦਾ ਕੀਤਾ ਸੀ, ਜੋ ਅੱਜ ਨਿਭਾਇਆ ਹੈ। ਸੈਟੇਲਾਈਟ ਚੈਨਲ ਦਾ ਕੰਮ ਵੀ ਅਸੀਂ ਲਗਾਤਾਰ ਕਰ ਰਹੇ ਹਾਂ ਜੋ ਜਲਦ ਸੰਗਤ ਦੇ ਸਾਹਮਣੇ ਆਵੇਗਾ। ਧਾਮੀ ਨੇ ਸਰਕਾਰ ਨੂੰ ਕਿਹਾ ਕਿ ਤੁਸੀਂ ਆਪਣੇ ਜ਼ਰੂਰੀ ਕੰਮ ਕਰੋ, ਸਾਨੂੰ ਸਰਕਾਰਾਂ ਦੀ ਲੋੜ ਨਹੀਂ ਹੈ। ਚੈਨਲ ਗੁਰੂ ਸਾਹਿਬ ਜੀ ਨੇ ਆਪ ਹੀ ਸਾਡੇ ਕੋਲੋਂ ਬਣਵਾ ਲੈਣੇ ਹਨ।
ਦਰਅਸਲ, ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਇਨ੍ਹਾਂ ਨੇ ਪਹਿਲਾਂ ਹੀ ਵਿਉਂਤਬੰਦੀ ਕੀਤੀ ਸੀ ਕਿ ਅਖੀਰ ਉੱਤੇ ਆ ਕੇ ਇਹਨਾਂ ਨੇ ਆਪਣਾ ਪਲੈਨ ਬਦਲ ਲਿਆ ਕਿ ਸੈਟੇਲਾਈਟ ਚੈਨਲ ਉੱਤੇ ਵੀ ਗੁਰਬਾਣੀ ਪ੍ਰਸਾਰਣ ਚੱਲਦਾ ਰਹੇ, ਉਹ ਵੀ ਸਿਰਫ਼ ਪੀਟੀਸੀ ਉੱਤੇ।
ਧਾਮੀ ਨੇ ਕਿਹਾ ਕਿ ਸਾਡੇ ਕੁਝ ਮੈਂਬਰਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਗਿਆ। ਸਾਡੇ ਇੱਕ ਮੈਂਬਰ ਤੱਕ ਸਰਕਾਰ ਵਲੋਂ ਪਹੁੰਚ ਕੀਤੀ ਗਈ ਸੀ ਅਤੇ ਐਗਜ਼ੀਕਿਊਟਿਵ ਮਟਿੰਗ ਦਾ ਵਿਰੋਧ ਕਰਨ ਦਾ ਦਬਾਅ ਪਾਇਆ ਗਿਆ। ਧਾਮੀ ਨੇ ਦੋਸ਼ ਲਾਇਆ ਕਿ ਸਰਕਾਰ ਨੇ ਇਕ ਮੰਤਰੀ ਨੂੰ ਡਾਇਰੈਕਸ਼ਨ ਦਿੱਤੀ ਹੋਈ ਹੈ ਕਿ ਉਹ SGPC ਦਾ ਮੈਂਬਰ ਖ਼ਰੀਦੇ।