‘ਦ ਖ਼ਾਲਸ ਬਿਊਰੋ : ਐਸਜੀਪਸੀ ਦੇ ਪ੍ਰਧਾਨ ਦੇ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦੇ ਗੁਰਬਾਣੀ ਪ੍ਰਸਾਰਣ ਸਬੰਧੀ ਬਿਆਨ ਤੋਂ ਆਮ ਆਦਮੀ ਪਾਰਟੀ ਕਾਫੀ ਨਰਾਜ਼ ਨਜ਼ਰ ਆ ਰਹੀ ਹੈ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਬਿਆਨ ‘ਤੇ ਪਲਟਵਾਰ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਮਾਲਵਿੰਦਰ ਕੰਗ ਨੇ ਕਿਹਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦੇ ਗੁਰਬਾਣੀ ਪ੍ਰਸਾਰਣ ਸਬੰਧੀ ਮਾਮਲੇ ਵਿੱਚ ਆਮ ਆਦਮੀ ਨਹੀਂ ਸਗੋ ਐਸਜੀਪੀਸੀ ਪ੍ਰਧਾਨ ਖੁਦ ਸਿਆਸਤ ਕਰ ਰਹੇ ਨੇ। ਉਨ੍ਹਾਂ ਨੇ ਕਿਹਾ ਕਿ ਐਸਜੀਪਸੀ ਦੇ ਪ੍ਰਧਾਨ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀ।
ਉਨ੍ਹਾਂ ਨੇ ਕਿਹਾ ਕਿ ਐਸਜੀਪੀਸੀ ਪੰਜਾਬੀਆਂ ਦੀ ਸਰਬ ਸਾਂਝੀ ਕਮੇਟੀ ਹੈ। ਇਸ ‘ਤੇ ਕਿਸੇ ਨੂੰ ਵੀ ਸਿਆਸਤ ਨਹੀਂ ਕਰਨੀ ਚਾਹੀਦੀ। ਕੰਗ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਿਰਫ਼ ਐਸਜੀਪੀਸੀ ਨੂੰ ਅਪੀਲ ਕੀਤੀ ਸੀ ਕਿ ਸਰਕਾਰ ਗੁਰਬਾਣੀ ਪ੍ਰਸਾਰਣ ‘ਚ ਸਹਿਯੋਗ ਕਰਨਾ ਚਾਹੁੰਦੀ ਹੈ।
ਦੱਸ ਦਈਏ ਕਿ ਐਸਜੀਪਸੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦੇ ਗੁਰਬਾਣੀ ਪ੍ਰਸਾਰਣ ਸਬੰਧੀ ਦਿੱਤੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਸੀ ਕਿ ਸਰਕਾਰ ਗੁਰੂ ਘਰਾਂ ਦੇ ਮਾਮਲਿਆਂ ਵਿਚ ਦਖ਼ਲ ਨਾ ਦੇਵੇ।