ਬਿਉਰੋ ਰਿਪੋਰਟ : ਬਲਵੰਤ ਸਿੰਘ ਰਾਜੋਆਣਾ ਦੇ ਅਲਟੀਮੇਟਮ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ SGPC ਪੂਰੀ ਤਰ੍ਹਾਂ ਨਾਲ ਐਕਟਿਵ ਹੋ ਗਈ ਹੈ । ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਇੱਕ ਵਫਦ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਮੁਲਾਕਾਤ ਕੀਤੀ ਹੈ । ਵਫਦ ਨੇ ਹਸਤਾਖਰ ਮੁਹਿੰਮ ਦੇ ਫਾਰਮ ਵੀ ਰਾਜਪਾਲ ਨੂੰ ਵਿਖਾਏ ਹਨ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੱਡੇ ਪੱਧਰ ‘ਤੇ ਮੁਹਿੰਮ ਚਲਾਈ । ਕਮੇਟੀ ਵੱਲੋਂ 26 ਲੱਖ ਹਸਤਾਖਰ ਦੀ ਪੈਨ ਡਰਾਈਵ ਵੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪੀ ਗਈ ਹੈ । ਕਮੇਟੀ ਵੱਲੋਂ ਵਾਰ-ਵਾਰ ਇਹ ਹੀ ਇਲਜ਼ਾਮ ਲਗਾਇਆ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਰਾਜਪਾਲ ਮਿਲਣ ਦਾ ਸਮਾਂ ਨਹੀਂ ਦੇ ਰਹੇ ਹਨ। ਪਰ ਅਖੀਰਕਾਰ 2 ਮਹੀਨੇ ਬਾਅਦ ਐੱਸਜੀਪੀਸੀ ਦੇ ਵਫਦ ਨੂੰ ਮਿਲਣ ਦਾ ਸਮਾਂ ਮਿਲ ਗਿਆ ਹੈ।
ਇਸ ਤੋਂ ਇਲਾਵਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਅਸੀਂ ਪਟਿਆਲਾ ਦੇ ਜੇਲਰ ਨੂੰ ਚਿੱਠੀ ਲਿਖ ਕੇ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਦਾ ਸਮਾਂ ਮੰਗਿਆ ਹੈ । ਰਾਜੋਆਣਾ ਨੇ 2 ਚਿੱਠੀਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਸਨ ਜਿਸ ਵਿੱਚ ਅਪੀਲ ਕੀਤੀ ਗਈ ਸੀ ਕਿ ਉਹ ਸੁਪਰੀਮ ਕੋਰਟ ਵਿੱਚ ਐੱਸਜੀਪੀਸੀ ਵੱਲੋਂ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਪਟੀਸ਼ਨ ਵਾਪਸ ਲੈਣ। ਰਾਜੋਆਣਾ ਨੇ ਕਿਹਾ ਜੇਕਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਤਾਂ ਉਹ ਜੇਲ੍ਹ ਵਿੱਚ ਭੁੱਖ ਹੜਤਾਲ ਕਰਨਗੇ । ਜਿਸ ਤੋਂ ਬਾਅਦ ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਨੇ ਐੱਸਜੀਪੀਸੀ ਅਤੇ ਦਿੱਲੀ ਕਮੇਟੀ ਨੂੰ ਫੌਰਨ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ । ਫਿਰ ਦੂਜੀ ਚਿੱਠੀ ਵਿੱਚ ਰਾਜੋਆਣਾ ਨੇ ਹੁਣ ਦੋਵੇ ਕਮੇਟੀਆਂ 20 ਦਿਨ ਦਾ ਸਮਾਂ ਦਿੱਤਾ ਸੀ ।
ਰਵਨੀਤ ਬਿੱਟੂ ਨੇ SGPC ਨੂੰ ਘੇਰਿਆ
SGPC ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰਾਜਪਾਲ ਨਾਲ ਕੀਤੀ ਮੁਲਾਕਾਤ ਨੂੰ ਲੈਕੇ ਕਾਂਗਰਸ ਦੇ ਐੱਮਪੀ ਰਵਨੀਤ ਬਿੱਟੂ ਦਾ ਵੱਡਾ ਬਿਆਨ ਆਇਆ ਹੈ । ਉਨ੍ਹਾਂ ਨੇ ਕਿਹਾ ਰਾਜਪਾਲ ਕੋਲ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਫਰਜ਼ੀ ਹਸਤਾਖਰਾਂ ਵਾਲੇ ਫਾਰਮ ਲੈਕੇ ਗਏ ਹਨ । ਉਨ੍ਹਾਂ ਨੇ ਕਿਹਾ ਜਿੰਨਾਂ ਨੇ ਲੋਕਾਂ ਨੂੰ ਮਾਰਿਆ ਹੈ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ । ਇਹ ਪੰਜਾਬ ਵਿੱਚ ਗਾਜ਼ਾ ਵਰਗੇ ਹਾਲਾਤ ਚਾਉਂਦੇ ਹਨ ।