Punjab Religion

ਨਵੰਬਰ-ਦਸੰਬਰ ਵਿਚਾਲੇ ਹੋ ਸਕਦੀਆਂ SGPC ਚੋਣਾਂ! ਵੋਟਰ ਫ਼ਾਰਮ ਭਰਨ ਦੀ ਤਰੀਕ ਵਧਾਈ

SGPC

ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਾਸਤੇ ਨਵੰਬਰ ਤੋਂ ਦਸੰਬਰ ਵਿੱਚ ਚੋਣਾਂ ਹੋਣ ਦੀ ਪੱਕੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਇਹ ਚੋਣਾਂ ਸਤੰਬਰ 2011 ਵਿੱਚ ਹੋਈਆਂ ਸਨ। ਕੁੱਲ 159 ਮੈਂਬਰਾਂ ਦਾ ਹਾਊਸ ਹੋਵੇਗਾ। ਇੱਕ ਸੀਨੀਅਰ ਅਧਿਕਾਰੀ ਮੁਤਾਬਕ ਕਿ ਹਰਿਆਣਾ ਦੀ ਵੱਖਰੀ ਕਮੇਟੀ ਬਣਨ ਕਰਕੇ ਪੁਰਾਣੀ ਸ਼੍ਰੋਮਣੀ ਕਮੇਟੀ ਦੀਆਂ ਕੁੱਲ 120 ਸੀਟਾਂ ਵਿਚੋਂ 8 ਸੀਟਾਂ ਹਰਿਆਣੇ ਦੀਆਂ ਕੱਟੀਆਂ ਗਈਆਂ ਹਨ। ਪੰਜਾਬ ਦੀਆਂ 110 ਸੀਟਾਂ ਤੋਂ 157 ਮੈਂਬਰ ਚੁਣੇ ਜਾਣਗੇ ਕਿਉਂਕਿ 47 ਸੀਟਾਂ ਦੋਹਰੀ ਮੈਂਬਰਸ਼ਿਪ ਵਾਲੀਆਂ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਤੇ ਹਿਮਾਚਲ ਤੋਂ ਇੱਕ-ਇੱਕ ਮੈਂਬਰ ਚੁਣਿਆ ਜਾਵੇਗਾ।

ਦੱਸ ਦੇਈਏ ਲਗਭਗ 3 ਸਾਲ ਪਹਿਲਾਂ 1 ਜੁਲਾਈ 2021 ਨੂੰ ਸੇਵਾ ਮੁਕਤ ਜੱਜ ਜਸਟਿਸ ਐਸ.ਐਸ. ਸਾਰੋਂ ਨੇ ਬਤੌਰ ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਦੇ ਅਹੁੁਦੇ ਦਾ ਚਾਰਜ ਸੰਭਾਲਿਆ ਅਤੇ ਪਿਛਲੇ ਸਾਲ 21 ਅਕਤੂਬਰ ਤੋਂ ਪੰਜਾਬ ਦੇ ਸਿੱਖਾਂ ਦੀਆਂ ਵੋਟਾਂ ਬਣਾਉਣ ਦਾ ਕੰਮ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਕਰਵਾਉਣਾ ਸ਼ੁਰੂ ਕੀਤਾ।

ਜਾਣਕਾਰੀ ਮੁਤਾਬਕ ਹੁਣ ਤਕ ਕੇਵਲ 27,50,000 ਤੋਂ ਵੱਧ ਵੋਟਰ ਫ਼ਾਰਮ ਭਰੇ ਗਏ ਹਨ। ਚੋਣ ਕਮਿਸ਼ਨ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੋਕ ਸਭਾ ਚੋਣਾਂ ਕਾਰਨ ਸਿੱਖ ਵੋਟਰਾਂ ਦੇ ਫ਼ਾਰਮ ਭਰਨ ਦਾ ਸਿਲਸਿਲਾ ਬੰਦ ਹੋ ਗਿਆ ਸੀ ਪਰ ਹੁਣ ਢਾਈ ਮਹੀਨੇ ਬਾਅਦ ਦੁਬਾਰਾ ਤੋਂ ਸਿੱਖ ਵੋਟਰਾਂ ਦੇ ਫਾਰਮ ਭਰਨੇ ਸ਼ੁਰੂ ਕੀਤੇ ਹਨ। ਇਕ ਸੀਨੀਅਰ ਅਧਿਕਾਰੀ ਮੁਤਾਬਕ ਵੋਟਰ ਫ਼ਾਰਮ ਭਰਨ ਦੀ ਆਖ਼ਰੀ ਤਰੀਕ 31 ਜੁਲਾਈ ਤਕ ਵਧਾ ਦਿੱਤੀ ਗਈ ਹੈ।

ਅਧਿਕਾਰੀ ਨੇ ਕਿਹਾ ਕਿ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੁੜ ਤੋਂ ਸੰਪਰਕ ਕਰ ਕੇ ਪਟਵਾਰੀਆਂ ਰਾਹੀਂ ਸਿੱਖ ਵੋਟਰ ਫ਼ਾਰਮ ਰਹਿੰਦੇ ਡੇਢ ਮਹੀਨੇ ਵਿੱਚ ਭਰਵਾ ਕੇ ਇਹ ਗਿਣਤੀ 30 ਲੱਖ ਤਕ ਪਹੁੰਚਾਉਣ ਦਾ ਟੀਚਾ ਮਿਥਿਆ ਗਿਆ ਹੈ। ਅਗਸਤ ਤੇ ਸਤੰਬਰ ਵਿੱਚ ਵੋਟਰ ਲਿਸਟਾਂ ਤਿਆਰ ਕਰ ਕੇ ਜ਼ਿਲ੍ਹਾ ਤਹਿਸੀਲ ਬਲਾਕ ਅਤੇ ਹੋਰ ਮਹੱਤਵਪੂਰਨ ਥਾਵਾਂ ’ਤੇ ਲਾ ਦਿਤੀਆਂ ਜਾਣਗੀਆਂ ਤਾਂਕਿ ਕਿਸੇ ਵੀ ਤਰ੍ਹਾਂ ਦੇ ਇਤਰਾਜ਼, ਸ਼ਿਕਾਇਤਾਂ ਤੇ ਹੋਰ ਵੇਰਵੇ ਪ੍ਰਾਪਤ ਕਰ ਕੇ ਲਿਸਟਾਂ ਵਿੱਚ ਸੋਧ ਕੀਤੀ ਜਾਵੇ।

ਅਧਿਕਾਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਵਿਚ ਪੈਂਦੀਆਂ 110 ਸੀਟਾਂ ਤੇ ਅੰਦਾਜ਼ਨ 60 ਲੱਖ ਸਿੱਖ ਵੋਟਰ ਫ਼ਾਰਮ ਭਰਨ ਦੀ ਆਸ ਸੀ ਪਰ 21 ਸਾਲ ਤੋਂ ਉਪਰ ਸਿੱਖ ਵੋਟਰਾਂ ਨੇ ਕੇਵਲ ਅੱਧੇ ਪੁਰਸ਼ਾਂ ਤੇ ਬੀਬੀਆਂ ਨੇ ਹੀ ਦਿਲਚਸਪੀ ਦਿਖਾਈ ਹੈ।