ਬਿਊਰੋ ਰਿਪੋਰਟ (ਅੰਮ੍ਰਿਤਸਰ, 29 ਅਕਤੂਬਰ 2025): ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ 3 ਨਵੰਬਰ ਨੂੰ ਹੋਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਜਨਰਲ ਇਜਲਾਸ ਲਈ ਅਹੁਦੇਦਾਰਾਂ ਦੀ ਚੋਣ ਵਾਸਤੇ ਉਨ੍ਹਾਂ ਦੀ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ, ਸਮੂਹ ਪਾਰਟੀ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿੱਚ ਫੈਸਲੇ ਲੋਕਤੰਤਰੀ ਢੰਗ ਨਾਲ ਸਾਂਝੇ ਤੌਰ ’ਤੇ ਲਏ ਜਾਂਦੇ ਹਨ।
ਤਰਨ ਤਾਰਨ ਜ਼ਿਮਨੀ ਚੋਣ ਅਤੇ ਪੰਥਕ ਏਜੰਡਾ
ਤਰਨ ਤਾਰਨ ਜ਼ਿਮਨੀ ਚੋਣ ਬਾਰੇ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਦਲ ਭਾਈ ਮਨਦੀਪ ਸਿੰਘ ਖ਼ਾਲਸਾ ਦਾ ਪੂਰਾ ਸਮਰਥਨ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਵੇਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਅਤੇ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੀਆਂ ਪਾਰਟੀਆਂ ਦੇ ਆਪਣੇ-ਆਪਣੇ ਏਜੰਡੇ ਹਨ, ਪਰ ਉਨ੍ਹਾਂ ਦੀ ਪਾਰਟੀ ਦਾ ਮੁੱਖ ਅਤੇ ਸਪੱਸ਼ਟ ਏਜੰਡਾ ਪੰਥਕ ਹਿੱਤਾਂ ਦੀ ਸੁਰੱਖਿਆ ਕਰਨਾ ਹੈ।

