Punjab

‘ਮਾਨ ਸਾਹਬ 103 ਸਾਲਾਂ ‘ਚ ਜਿਸ ਨੇ ਮੱਥਾ ਲਾਇਆ, ਹੰਝੂ ਵਹਾਉਣੇ ਪਏ’ !

ਬਿਊਰੋ ਰਿਪੋਰਟਟ : ਗੁਰਬਾਣੀ ਦੇ ਪ੍ਰਸਾਰਨ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਨੇ 20 ਜੂਨ ਨੂੰ ‘ਦ ਸਿੱਖ ਗੁਰਦੁਆਰਾ ਸੋਧ ਐਕਟ 2023 ਨੂੰ ਵਿਧਾਨਸਭਾ ਵਿੱਚ ਪੇਸ਼ ਕਰਨ ਦਾ ਐਲਾਨ ਕਰਨ ਤੋਂ ਬਾਅਦ ਹੁਣ ਇਸ ਤੇ SGPC ਨੇ ਸਖਤ ਇਤਰਾਜ਼ ਕੀਤਾ ਹੈ। ਉਧਰ ਕਾਂਗਰਸ ਪੂਰੀ ਤਰ੍ਹਾਂ ਵੰਡੀ ਹੋਈ ਨਜ਼ਰ ਆ ਰਹੀ ਹੈ ਜਦਕਿ ਬੀਜੇਪੀ ਇਸ ਮੁੱਦੇ ‘ਤੇ ਅਕਾਲੀ ਦਲ ਦੇ ਨਾਲ ਪੂਰੀ ਤਰ੍ਹਾਂ ਖੜੀ ਹੋਈ ਨਜ਼ਰ ਆ ਰਹੀ ਹੈ। SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਗੁਰਦੁਆਰਾ ਐਕਟ ‘ਚ ਸੋਧ ਦਾ ਸੂਬੇ ਕੋਲ ਅਧਿਕਾਰੀ ਨਹੀਂ ਹੈ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦੇ ਸੂਬੇਦਾਰ ਬਣ ਕੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਨਾ ਕਰਨ । ਇਸ ਤੋਂ ਇਲਾਵਾ ਉਨ੍ਹਾਂ ਨੇ ਚਿਤਾਵਨੀ ਭਰੀ ਬੇਨਤੀ ਕਰਦੇ ਹੋਏ ਕਿਹਾ 103 ਸਾਲਾਂ ਵਿੱਚ ਜਿਸ ਨੇ ਵੀ ਸਿੱਖਾਂ ਨਾਲ ਮੱਥਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਹੰਝੂ ਬਹਾਨੇ ਪਏ ਹਨ । ਧਾਮੀ ਨੇ ਕਿਹਾ ਹੁਣ ਅਸੀਂ ਓਪਨ ਟੈਂਡਰ ਲਿਆ ਰਹੇ ਹਾਂ ਤਾਂ ਵੀ ਸਰਕਾਰ ਇਸ ਦਾ ਵਿਰੋਧ ਕਿਉਂ ਕਰ ਰਹੀ ਹੈ। ਉਧਰ SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੇ ਵੀ ਭਗਵੰਤ ਮਾਨ ਨੂੰ ਨਵੇਂ ਐਕਟ ਨੂੰ ਲੈਕੇ ਸਵਾਲ ਪੁੱਛੇ ।

SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਪੁੱਛਿਆ ਕਿ ਕੱਲ ਤੱਕ ਮੁੱਖ ਮੰਤਰੀ 1925 ਐਕਟ ਵਿੱਚ ਸੋਧ ਕਰਨ ਦੀ ਗੱਲ ਕਹਿ ਰਹੇ ਸਨ ਅੱਜ ਨਵਾਂ ‘ਦ ਸਿੱਖ ਗੁਰਦੁਆਰਾ ਸੋਧ ਐਕਟ 2023 ਲਿਆਉਣ ਦਾ ਦਾਅਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜਿੰਨੇ ਮਰਜ਼ੀ ਐਕਟ ਬਣਾ ਲਏ ਇਸ ਨੂੰ ਲਾਗੂ ਨਹੀਂ ਕਰ ਸਕਦੀ ਹੈ। ਉਨ੍ਹਾਂ ਕਿਹਾ ਭਗਵੰਤ ਮਾਨ ਕਹਿੰਦੇ ਹਨ ਕਿ PTC ਫ੍ਰੀ ਟੂ ਏਅਰ ਨਹੀਂ ਹੈ ਦੱਸੋਂ ਕਿੱਥੇ ਫ੍ਰੀ ਟੂ ਏਅਰ ਤੁਹਾਨੂੰ ਨਜ਼ਰ ਨਹੀਂ ਆਉਦਾ ਹੈ ? ਗਰੇਵਾਲ ਨੇ ਤੰਜ ਕੱਸ ਦੇ ਹੋਏ ਕਿਹਾ ਤੁਸੀਂ ਗੁਰਬਾਣੀ ਦੇ ਪ੍ਰਸਾਰ ਦੀ ਗੱਲ ਕਰਦੇ ਹੋ ਪਹਿਲਾਂ ਗੁਰੂ ਘਰ ਜਾਣ ਦਾ ਸਲੀਕਾ ਸਿੱਖੋ,ਤੁਸੀਂ ਆਪ ਸ਼ਰਾਬ ਪੀਕੇ ਗੁਰੂ ਘਰ ਆਉਂਦੇ ਹੋ।

ਸੁਖਬੀਰ ਬਾਦਲ ਦਾ ਬਿਆਨ

ਸੁਖਬੀਰ ਸਿੰਘ ਬਾਦਲ ਨੇ ਮਾਨ ਸਰਕਾਰ ਦੇ ਫੈਸਲੇ ਨੂੰ ਸਿੱਖ ਗੁਰਧਾਮਾਂ ਉੱਤੇ ਸਰਕਾਰੀ ਹਮਲਾ ਦੱਸ ਦੇ ਹੋਏ ਲਿੱਖਿਆ ‘ਕੇਜਰੀਵਾਲ ਦੀ “ਆਪ” ਸਰਕਾਰ ਦੇ ਮੁੱਖ ਮੰਤਰੀ ਦਾ ਪਾਵਨ ਸਿੱਖ ਗੁਰਬਾਣੀ ਸੰਬੰਧੀ ਐਲਾਨ ਸਿੱਧਾ ਸਿੱਧਾ ਖਾਲਸਾ ਪੰਥ ਅਤੇ ਸਿੱਖ ਗੁਰਧਾਮਾਂ ਉੱਤੇ ਸਰਕਾਰੀ ਹੱਲਾ ਹੈ। ਇਹ ਘਿਨਾਉਣਾ ਫ਼ੈਸਲਾ ਸਿੱਖ ਸੰਗਤ ਕੋਲੋਂ ਗੁਰਬਾਣੀ ਪ੍ਰਚਾਰ ਦਾ ਹੱਕ ਖੋਹ ਕੇ ਗੁਰਧਾਮਾਂ ਦੇ ਸੰਭਾਲ ਸਰਕਾਰੀ ਕਬਜ਼ੇ ਵਿਚ ਲੈਣ ਵੱਲ ਪਹਿਲਾ ਖ਼ਤਰਨਾਕ ਅਤੇ ਹਿਮਾਕਤ ਭਰਿਆ ਕਦਮ ਹੈ। ਇਸ ਫੈਸਲੇ ਨੇ ਸ੍ਰੀ ਹਰਮੰਦਿਰ ਸਾਹਿਬ ਉੱਤੇ ਮੁਗਲਾਂ, ਅੰਗਰੇਜ਼ਾਂ ਤੇ ਇੰਦਰਾ ਗਾਂਧੀ ਦੇ ਜਬਰ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਪਰ ਖਾਲਸਾ ਪੰਥ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ। ਇਸ ਨਾਲ ਇੱਕ ਗੱਲ ਹੋਰ ਵੀ ਉਜਾਗਰ ਹੋ ਗਈ ਹੈ। ਜੋ ਲੋਕ ਕੱਲ ਤੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਖ ਕੌਮ ਨੂੰ ਬਾਰ ਬਾਰ ਦਿੱਤੀ ਜਾ ਰਹੀ ਇਸ ਚੇਤਾਵਨੀ ਨੂੰ ਕੇਵਲ ਸਿਆਸੀ ਦੱਸਦੇ ਸਨ ਕਿ ਸਰਕਾਰਾਂ ਸਿੱਖ ਗੁਰਧਾਮਾਂ ਉੱਤੇ ਸਿੱਧਾ ਕਬਜ਼ਾ ਕਰਨ ਦੀਆਂ ਘਿਨਾਉਣੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ, ਅੱਜ ਕੇਜਰੀਵਾਲ ਦੀ ਪਾਰਟੀ ਦੀ ਸਰਕਾਰ ਵੱਲੋਂ ਸ੍ਰੀ ਹਰਮੰਦਿਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਵਾਹ ਉੱਤੇ ਕਬਜ਼ਾ ਕਰਨ ਦੀ ਇਸ ਕੋਝੀ ਸਾਜਿਸ਼ ਨਾਲ ਉਹਨਾਂ ਦੀਆਂ ਅੱਖਾਂ ਖੁਲ ਜਾਣੀਆਂ ਚਾਹੀਦੀਆਂ ਹਨ। ਜੇ ਪਾਵਨ ਗੁਰਬਾਣੀ ਸੰਗਤਾਂ ਤੱਕ ਗੁਰ ਮਰਿਆਦਾ ਅਨੁਸਾਰ ਪਹੁੰਚਾਉਣ ਦਾ ਹੱਕ ਵੀ ਸਿੱਖ ਸੰਗਤ ਅਤੇ ਉਸਦੇ ਚੁਣੇ ਹੋਏ ਨੁਮਾਇੰਦਿਆਂ ਦੀ ਬਜਾਏ ਸਰਕਾਰਾਂ ਨੂੰ ਹੀ ਸੌਂਪਣਾ ਹੁੰਦਾ ਤਾਂ ਗੁਰਧਾਮਾਂ ਨੂੰ ਸਰਕਾਰੀ ਮਸੰਦਾਂ ਤੋਂ ਅਜ਼ਾਦ ਕਰਵਾਉਣ ਲਈ ਸਿੱਖ ਕੌਮ ਨੂੰ ਅਕਹਿ ਤੇ ਅਸਹਿ ਤਸੀਹੇ ਸਹਿਣ ਤੇ ਬੇਸ਼ੁਮਾਰ ਬੇਮਿਸਾਲ ਕੁਰਬਾਨੀਆਂ ਦੀ ਲੋੜ ਹੀ ਕਿਉਂ ਹੁੰਦੀ। ਗੁਰਬਾਣੀ ਦੇ ਪ੍ਰਸਾਰਨ ਸਬੰਧੀ ਭਗਵੰਤ ਮਾਨ ਸਰਕਾਰ ਵੱਲੋਂ ਐਲਾਨਿਆ ਫੈਸਲਾ ਖਾਲਸਾ ਪੰਥ ਦੇ ਗੁਰਧਾਮਾਂ ਉੱਤੇ ਹੀ ਨਹੀ ਬਲਕਿ ਸਿੱਖ ਕੌਮ ਉੱਤੇ ਵੀ ਸਿੱਧਾ ਹਮਲਾ ਹੈ ਅਤੇ ਖਾਲਸਾ ਪੰਥ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ। ਗੈਰ ਪੰਜਾਬੀਆਂ ਤੇ ਗੈਰ ਸਿੱਖਾਂ ਦੇ ਇਸ ਹੱਥ ਠੋਕੇ ਮੁੱਖ ਮੰਤਰੀ ਦਾ ਹੰਕਾਰ ਹੁਣ ਸਭ ਹੱਦਾਂ ਪਾਰ ਕਰ ਗਿਆ ਹੈ ਤੇ ਉਸਨੂੰ ਹੁਣ ਗੁਰੂ ਘਰ ਨਾਲ ਮੱਥਾ ਲਾਉਣ ਵਿੱਚ ਵੀ ਅਕਾਲ ਪੁਰਖ ਅਤੇ ਗੁਰੂ ਦਾ ਕੋਈ ਭੈਅ ਹੀ ਨਹੀਂ ਰਿਹਾ। ਗ਼ੈਰਸਿੱਖ ਤੇ ਸਿੱਖ ਦੁਸ਼ਮਣ ਅੰਸਰਾਂ ਦਾ ਇਹ ਸੂਬੇਦਾਰ ਹੁਣ ਸਿੱਧਾ ਹੀ ਗੁਰੂ ਘਰ ਨੂੰ ਲਲਕਾਰਨ ਦੀ ਹਿਮਾਕਤ ਕਰ ਰਿਹਾ ਹੈ। ਤਾਕਤ ਨਾਲ ਅੰਨ੍ਹੇ ਹੋਏ ਸਿੱਖ ਦੁਸ਼ਮਣ ਤਾਕਤਾਂ ਦੇ ਇਸ ਹੱਥ ਠੋਕੇ ਵੱਲੋਂ ਦਿੱਤੀ ਇਸ ਹੰਕਾਰੀ ਵੰਗਾਰ ਨੂੰ ਖਾਲਸਾ ਪੰਥ ਸਵੀਕਾਰ ਕਰਦਾ ਹੈ।

ਕਾਂਗਰਸ ਵੰਡੀ ਹੋਈ ਨਜ਼ਰ ਆ ਰਹੀ ਹੈ

ਕਾਂਗਰਸ ਇਸ ਮਸਲੇ ‘ਤੇ ਵੰਡੀ ਹੋਈ ਨਜ਼ਰ ਆ ਰਹੀ ਹੈ । ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਗੁਰਦੁਆਰਾ ਐਕਟ ਕੇਂਦਰ ਅਧੀਨ ਹੈ, ਸੂਬਾ ਸਰਕਾਰ ਸਿੱਧੇ ਤੌਰ ‘ਤੇ ਦਖਲ ਨਹੀਂ ਕਰ ਸਕਦੀ ਹੈ, ਵਿਧਾਨਸਭਾ ਦੇ ਅੰਦਰ ਜਦੋਂ ਸਰਕਾਰ ਇਹ ਐਕਟ ਲੈਕੇ ਆਏਗੀ ਤਾਂ ਹੀ ਇਸ ‘ਤੇ ਗੱਲ ਕੀਤੀ ਜਾਵੇਗੀ । ਬਾਜਵਾ ਨੇ ਕਿਹਾ ਅਸੀਂ ਇਹ ਮਤਾ 4 ਸਾਲ ਪਹਿਲਾਂ ਹੀ ਪਾਸ ਕਰ ਦਿੱਤਾ ਸੀ । ਉਧਰ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਮਾਨ ਸਰਕਾਰ ਨੂੰ ਨਸੀਹਤ ਦਿੱਤੀ। ਰੰਧਾਵਾ ਨੇ ਕਿਹਾ ਜਥੇਦਾਰ ਹਰਪ੍ਰੀਤ ਸਿੰਘ ਨੇ 2 ਵਾਰ ਕਮੇਟੀ ਨੂੰ ਆਪਣਾ ਚੈੱਨਲ ਖੋਲਣ ਦੇ ਨਿਰਦੇਸ਼ ਦਿੱਤੇ ਪਰ ਉਨ੍ਹਾਂ ਨੇ ਇਸ ‘ਤੇ ਕੋਈ ਕੰਮ ਨਹੀਂ ਕੀਤਾ ਜਦਕਿ ਉਹ ਕਹਿੰਦੇ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਾਡੇ ਲਈ ਲਾਗੂ ਕਰਨਾ ਜ਼ਰੂਰੀ ਹੈ । ਇਸ ਤੋਂ ਇਲਾਵਾ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਤੁਸੀਂ ਕੇਂਦਰ ਦੇ ਐਕਟ ਅਧੀਨ ਸੋਧ ਨਹੀਂ ਕਰ ਸਕਦੇ ਹੋ,ਧਾਰਮਿਕ ਮੁੱਦੇ ਵਿੱਚ ਸਿਰਫ ਆਪਣੀ ਸਿਆਸੀ ਰੋਟੀਆਂ ਨਾ ਸੇਕੋ । ਜਦਕਿ ਨਵਜੋਤ ਸਿੰਘ ਸਿੱਧੂ ਨੇ ਖੁੱਲ ਕੇ ਮਾਨ ਸਰਕਾਰ ਦੀ ਪਿੱਠ ਥਾਪੜੀ ਹੈ। ਸਿੱਧੂ ਨੇ ਲਿੱਖਿਆ “ਸਰਬ ਸਾਂਝੀ ਗੁਰਬਾਣੀ ” …….. ਯਾਨੀ ਬਿਨਾਂ ਕਿਸੇ ਭੇਦਭਾਵ ਇੱਕ ਹੋਵੇ ਸਾਰਿਆ ਲਈ …… ਇਹ ਮੇਰੇ ਅਤੇ ਦੁਨੀਆ ਭਰ ਦੇ ਲੱਖਾਂ ਸਿੱਖਾਂ ਦੀਆਂ ਇੱਛਾ ਸੀ ……… ਸ਼ਲਾਘਾ ਯੋਗ ਕਦਮ ਭਗਵੰਤ ਮਾਨ … ਸ਼ਾਬਾਸ਼ । ਉਧਰ ਬੀਜੇਪੀ ਇਸ ਮਸਲੇ ‘ਤੇ ਅਕਾਲੀ ਦਲ ਨਾਲ ਖੜੀ ਹੋਈ ਨਜ਼ਰ ਆ ਰਹੀ ਹੈ।

‘ਗੁਰੂ ਘਰ ਮੱਥਾ ਟੇਕੋ ਮੱਥਾ ਨਾ ਲਾਉ’

ਬੀਜੇਪੀ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤੰਜ ਕੱਸ ਹੋਏ ਕਿਹਾ ‘ਮਾਨ ਸਾਹਬ ਗੁਰੂ ਘਰ ਜਾਕੇ ਮੱਥਾ ਟੇਕੀ ਦਾ ਹੈ,ਮੱਥਾ ਲਾਈਦਾ ਨਹੀਂ,ਮੈਂ ਇਸ ਗੱਲ ਦਾ ਧਾਰਨੀ ਹਾਂ ਕਿ ਗੁਰਬਾਣੀ ਪ੍ਰਸਾਰਨ ‘ਤੇ ਕਿਸੇ ਦਾ ਏਕਾ ਅਧਿਕਾਰ ਨਹੀਂ ਹੋਣਾ ਚਾਹੀਦਾ ਹੈ,ਪਰ ਜਿਸ ਤਰ੍ਹਾਂ ਤੁਸੀਂ ਆਪਣੀਆਂ ਸਿਆਸੀ ਕਿੜਾਂ ਕੱਢਣ ਲਈ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖਲ ਦੇ ਰਹੇ ਹੋ ਇਹ ਅੱਤ ਨਿੰਦਣਯੋਗ ਹੈ ਅਤੇ ਮੈਂ ਆਮ ਆਦਮੀ ਪਾਰਟੀ ਦੇ ਗੁਰਦੁਆਰਾ ਐਕਟ ਵਿੱਚ ਸੋਧ ਦੇ ਇਸ ਇਰਾਦੇ (ਜੋ ਕਿ ਅਸਲ ਵਿੱਚ ਰਾਜ ਦੇ ਅਧਿਕਾਰ ਦਾ ਵਿਸ਼ਾ ਵੀ ਨਹੀਂ) ਦਾ ਸਖਤ ਵਿਰੋਧ ਕਰਦਾਂ ਹਾਂ ।