ਅਮਰੀਕਾ ਵਲੋਂ ਲਗਾਤਾਰ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਜਾਰੀ ਹੈ। ਬੀਤੀ ਦੇਰ ਰਾਤ ਅਮਰੀਕਾ ਦਾ ਜਹਾਜ਼ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ। ਉੱਥੇ ਹੀ ਇੱਕ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਇਸ ਤਸਵੀਰ ਨੂੰ ਦੇਖ ਕੇ ਜਿੱਥੇ ਕਈ ਸਿੱਖਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਉੱਥੇ ਹੀ ਕਈ ਸਵਾਲ ਵੀ ਖੜ੍ਹੇ ਹੁੰਦੇ ਹਨ।
ਇਸ ਨੌਜਵਾਨ ਦੇ ਸਿਰ ਉੱਤੇ ਦਸਤਾਰ ਨਹੀਂ ਸੀ। ਐਸਜੀਪੀਸੀ ਵਲੋਂ ਉਸ ਨੂੰ ਦਸਤਾਰ ਦਿੱਤੀ ਗਈ। ਅਜਿਹੇ ਲੱਖਾਂ ਨੌਜਵਾਨ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ਾਂ ਦਾ ਰੁਖ਼ ਕਰਦੇ ਹਨ। ਹੁਣ ਇਨ੍ਹਾਂ ਮਿਹਨਤਕਸ਼ ਨੌਜਵਾਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ। ਅਮਰੀਕਾ ਲਗਾਤਾਰ ਸਰਹੱਦਾਂ ਉੱਤੇ ਵੀ ਸਖ਼ਤੀ ਵਧਾ ਰਿਹਾ ਹੈ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਜਿਹੜੇ ਲੋਕ ਵਿਸ਼ੇਸ਼ ਜਹਾਜ਼ਾਂ ਰਾਹੀਂ ਅੰਮ੍ਰਿਤਸਰ ਪੁੱਜ ਰਹੇ ਹਨ, ਸ਼੍ਰੋਮਣੀ ਕਮੇਟੀ ਉਨ੍ਹਾਂ ਲਈ ਰਿਹਾਇਸ਼ ਅਤੇ ਲੋੜ ਅਨੁਸਾਰ ਉਨ੍ਹਾਂ ਨੂੰ ਘਰ ਪਹੁੰਚਾਉਣ ਦਾ ਪ੍ਰਬੰਧ ਕਰਨ ਲਈ ਤਿਆਰ ਹੈ। ਜਿਹੜੇ ਲੋਕ ਲੋੜ ਮਹਿਸੂਸ ਕਰਨ ਉਹ ਹਵਾਈ ਅੱਡੇ ’ਤੇ ਤਾਇਨਾਤ ਸ਼੍ਰੋਮਣੀ ਕਮੇਟੀ ਦੇ ਸਟਾਫ਼ ਤੱਕ ਪਹੁੰਚ ਕਰ ਸਕਦੇ ਹਨ।
ਧਾਮੀ ਨੇ ਇਸ ਗੱਲ ਉੱਤੇ ਵੀ ਇਤਰਾਜ਼ ਪ੍ਰਗਟ ਕੀਤਾ ਕਿ ਅਮਰੀਕਾ ਤੋਂ ਵਾਪਸ ਭੇਜੇ ਜਾ ਰਹੇ ਵਿਅਕਤੀਆਂ ਨਾਲ ਗੈਰ ਮਨੁੱਖੀ ਵਿਹਾਰ ਕੀਤਾ ਜਾ ਰਿਹਾ ਹੈ? ਹੱਥਕੜੀਆਂ ਅਤੇ ਬੇੜੀਆਂ ਪਾ ਕੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਨਾਲ ਖਿਲਵਾੜ ਕਰਨਾ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਦੋਸ਼ ਕੋਈ ਅਜਿਹਾ ਨਹੀਂ ਹੈ ਕਿ ਇਨ੍ਹਾਂ ਨਾਲ ਅਪਰਾਧੀਆਂ ਵਾਂਗ ਸਲੂਕ ਕੀਤਾ ਜਾਵੇ।
ਧਾਮੀ ਨੇ ਸਰਕਾਰਾਂ ਪਾਸੋਂ ਵੀ ਮੰਗ ਕੀਤੀ ਕਿ ਜਿਹੜੇ ਲੋਕ ਗ਼ੈਰ-ਕਾਨੂੰਨੀ ਪ੍ਰਵਾਸ ਲਈ ਲੋਕਾਂ ਪਾਸੋਂ ਲੱਖਾਂ ਰੁਪਏ ਲੈ ਕੇ ਧੋਖਾ ਕਰ ਰਹੇ ਹਨ ਉਨ੍ਹਾ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।