ਬਿਉਰੋ ਰਿਪੋਰਟ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਰਿਆਦਾ ਨੂੰ ਲੈ ਕੇ ਅਹਿਮ ਅਤੇ ਵੱਡਾ ਫ਼ੈਸਲਾ ਲਿਆ ਹੈ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੁਝ ਪਰਫਿਊਮ ਨੂੰ ਛਿੜਕਣ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲੱਗਾ ਦਿੱਤੀ ਗਈ ਹੈ । SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ‘ਦ ਖ਼ਾਲਸ ਟੀਵੀ ਨਾਲ ਗੱਲ ਕਰਦੇ ਹੋਏ ਸਾਫ਼ ਕੀਤਾ ਕਿ ਜਿਨ੍ਹਾਂ ਪਰਫਿਊਮ ਵਿੱਚ ਖ਼ਤਰਨਾਕ ਕੈਮੀਕਲ ਅਤੇ ਅਲਕੋਹਲ ਯਾਨੀ ਸ਼ਰਾਬ ਦੀ ਵਰਤੋਂ ਹੁੰਦੀ ਹੈ,ਉਨ੍ਹਾਂ ‘ਤੇ ਪਾਬੰਦੀ ਲਗਾਈ ਗਈ ਹੈ । ਜੋਕਿ ਸਿੱਖ ਮਰਿਆਦਾ ਦੇ ਬਿਲਕੁਲ ਉਲਟ ਹੈ।
ਉਨ੍ਹਾਂ ਦੱਸਿਆ ਕਿ ਜਿਹੜੇ ਇਤਰ ਜਾਂ ਫਿਰ ਕੁਦਰਤੀ ਪਰਫਿਊਮ ਹਨ, ਉਨ੍ਹਾਂ ਦੀ ਵਰਤੋਂ ਕੀਤੀ ਜਾਵੇਗੀ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਦੱਸਿਆ ਇਹ ਨਿਯਮ ਸਿਰਫ਼ ਦਰਬਾਰ ਸਾਹਿਬ ‘ਤੇ ਹੀ ਨਹੀਂ ਬਲਕਿ ਕਮੇਟੀ ਅਧੀਨ ਆਉਣ ਵਾਲੇ ਸਾਰੇ ਗੁਰੂ ਘਰਾਂ ‘ਤੇ ਲਾਗੂ ਹੋਵੇਗਾ ।
SGPC ਦੇ ਜਨਰਲ ਸਕੱਤਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੁਝ ਸਿੱਖ ਜਥੇਬੰਦੀਆਂ ਨੇ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਮੀਟਿੰਗ ਕੀਤੀ ਅਤੇ ਸ਼ਰਾਬ ਨਾਲ ਤਿਆਰ ਕੀਤੇ ਗਏ ਪਰਫਿਊਮ ‘ਤੇ ਰੋਕ ਲਗਾਉਣ ਦੀ ਅਪੀਲ ਕੀਤੀ ਸੀ, ਜਿਸ ਨੂੰ ਕਮੇਟੀ ਨੇ ਵਿਚਾਰ ਕਰਨ ਤੋਂ ਬਾਅਦ ਪ੍ਰਵਾਨ ਕਰ ਲਿਆ । ਕਮੇਟੀ ਦੇ ਜਨਰਲ ਸਕੱਤਰ ਨੇ ਹੋਰ ਸੂਬਿਆਂ ਦੀਆਂ ਕਮੇਟੀਆਂ ਨੂੰ ਵੀ ਸ਼ਰਾਬ ਨਾਲ ਤਿਆਰ ਕੀਤੇ ਜਾਣ ਵਾਲੇ ਪਰਫਿਊਮ ‘ਤੇ ਪੂਰੀ ਤਰ੍ਹਾਂ ਨਾਲ ਬੈਨ ਲਗਾਉਣ ਦੀ ਅਪੀਲ ਕੀਤੀ ਹੈ ।
ਅਕਸਰ ਵੇਖਿਆ ਜਾਂਦਾ ਹੈ ਕਿ ਗੁਰੂ ਘਰ ਆਉਣ ਵਾਲੀ ਸੰਗਤ ਰੁਮਾਲਾ ਸਾਹਿਬ ਦੇ ਨਾਲ ਪਰਫਿਊਮ ਭੇਟ ਕਰਦੀ ਹੈ ਅਤੇ ਉਸੇ ਪਰਫਿਊਮ ਦਾ ਛਿੜਕਾਊ ਸ਼੍ਰੀ ਗੁਰੂ ਸਾਹਿਬ ਦੇ ਆਲ਼ੇ-ਦੁਆਲੇ ਕੀਤਾ ਜਾਂਦਾ ਸੀ । ਪਰ ਹੁਣ ਸੰਗਤ ਪਰਫਿਊਮ ਲਿਆਉਣ ਵੇਲੇ ਇਸ ਗੱਲ ਦਾ ਧਿਆਨ ਜ਼ਰੂਰ ਰੱਖੇ ਕਿ ਉਸ ਵਿੱਚ ਅਲਕੋਹਲ ਵਰਤੋਂ ਨਾ ਹੋਏ।
2011 ਵਿੱਚ ਵੀ ਉੱਠੇ ਸਨ ਸਵਾਲ
ਇਸ ਤੋਂ ਪਹਿਲਾਂ 2011 ਵਿੱਚ ਤਤਕਾਲੀ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗੁਰਚਰਨ ਸਿੰਘ ਨੇ ਪਰਫਿਊਮ ਦੀ ਵਰਤੋਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਰਦੇਸ਼ ਜਾਰੀ ਕੀਤੇ ਸਨ । ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਸਵੇਰ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਲਿਸੀ ਦਰਬਾਰ ਲਈ ਲਿਆਈ ਜਾਂਦੀ ਹੈ ਤਾਂ ਸੰਗਤਾਂ ਦੇ ਵਿਚਾਲੇ ਮਹਿੰਗੇ ਪਰਫਿਊਮ ਦੇ ਛਿੜਕਾਊ ਦੀ ਰੇਸ ਸ਼ੁਰੂ ਹੋ ਜਾਂਦੀ ਹੈ ਅਤੇ ਇਸ ਨਾਲ ਗ਼ਲਤ ਸੁਨੇਹਾ ਜਾਂਦਾ ਹੈ । ਸਿਰਫ਼ ਇਨ੍ਹਾਂ ਹੀ ਨਹੀਂ ਸ਼੍ਰੀ ਗੁਰੂ ਸਾਹਿਬ ਜੀ ਦੇ ਸਰੂਪ ਨੂੰ ਵੀ ਨੁਕਸਾਨ ਪਹੁੰਚਦਾ ਹੈ ।
ਤਤਕਾਲੀ ਜਥੇਦਾਰ ਨੇ ਕਿਹਾ ਸੀ ਖ਼ੁਸ਼ਬੂ ਦੇ ਲਈ ਗੁਲਾਬ ਜਲ ਦੀ ਵਰਤੋਂ ਕੀਤੀ ਜਾ ਸਕਦੀ ਹੈ । ਇਸ ਤਰ੍ਹਾਂ ਦੇ ਮਹਿੰਗੇ ਪਰਫਿਊਮ ਦੀ ਵਰਤੋਂ ‘ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਸੀ ਕਿ ਹੋਲਾ ਮਹੱਲਾ ਅਤੇ ਹੋਰ ਗੁਰਪੁਰਬ ‘ਤੇ ਵੀ ਸੰਗਤ ਵੱਲੋਂ ਮਹਿੰਗੇ ਪਰਫਿਊਮ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ‘ਤੇ ਰੋਕ ਲਗਾਉਣੀ ਜ਼ਰੂਰੀ ਹੈ । ਉਸ ਵੇਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗੁਰਚਰਨ ਸਿੰਘ ਨੇ SGPC ਦੇ ਸਾਹਮਣੇ ਵੀ ਇਹ ਮੁੱਦਾ ਚੁੱਕਣ ਦੀ ਗੱਲ ਵੀ ਕਹੀ ਸੀ ।