‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜਾ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਦੇ ਜਥਿਆਂ ਤੋਂ ਪਾਸਪੋਰਟਾਂ ਮੰਗ ਕੀਤੀ ਹੈ। ਇਹ ਦੋ ਜਥੇ ਜੂਨ 2021 ਵਿੱਚ ਪਾਕਿਸਤਾਨ ਭੇਜੇ ਜਾਣੇ ਹਨ, ਜਿਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਿਰਦੇਸ਼ਾਂ ਅਨੁਸਾਰ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਸ਼੍ਰੋਮਣੀ ਕਮੇਟੀ ਦਫਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ ਜਥਿਆਂ ਲਈ ਸ਼ਰਧਾਲੂ ਆਪਣੇ ਪਾਸਪੋਰਟ 31 ਮਾਰਚ 2021 ਤੱਕ ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵਿਖੇ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਜਥੇ ਵਿੱਚ ਜਾਣ ਦੇ ਚਾਹਵਾਨ ਸ਼ਰਧਾਲੂ ਆਪਣੇ ਪਾਸਪੋਰਟਾਂ ਦੇ ਨਾਲ ਮੈਂਬਰ ਸ਼੍ਰੋਮਣੀ ਕਮੇਟੀ ਦੀ ਸਿਫਾਰਸ਼ ਸਹਿਤ ਆਪਣਾ ਪਛਾਣ ਪੱਤਰ ਵੀ ਜਮ੍ਹਾਂ ਕਰਵਾਉਣ।
ਪਛਾਣ ਪੱਤਰ ਲਈ ਰਾਸ਼ਨ ਕਾਰਡ, ਆਧਾਰ ਕਾਰਡ ਜਾਂ ਵੋਟਰ ਕਾਰਡ ਦੀ ਕਾਪੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂ ਆਪਣੇ ਪਾਸਪੋਰਟ ਸਮੇਂ ਸਿਰ ਜਮ੍ਹਾਂ ਕਰਵਾਉਣ, ਤਾਂ ਜੋ ਅਗਲੀ ਕਾਰਵਾਈ ਲਈ ਭੇਜੇ ਜਾ ਸਕਣ। ਮੁੱਖ ਸਕੱਤਰ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼ਰਧਾਲੂ ਜਾਣਕਾਰੀ ਪ੍ਰਾਪਤ ਕਰਨ ਲਈ ਯਾਤਰਾ ਵਿਭਾਗ ਸ਼੍ਰੋਮਣੀ ਕਮੇਟੀ ਨਾਲ 0183-2553957, 58 ਅਤੇ 59 ਟੈਲੀਫੋਨ ਨੰਬਰਾਂ ’ਤੇ ਸੰਪਰਕ ਕਰ ਸਕਦੇ ਹਨ।