Punjab

‘ਬੀਜੇਪੀ ਆਗੂ ਗੁਰਦੁਆਰਾ ਸਾਹਿਬ ਨੂੰ ‘ਨਾਸੂਰ’ ਦੱਸ ਰਿਹਾ ਸੀ’ ! ‘CM ਯੋਗੀ ਚੁੱਪ ਬੈਠੇ ਸਨ’ !

ਬਿਉਰੋ ਰਿਪੋਰਟ :  ਰਾਜਸਥਾਨ ਦੀਆਂ ਵਿਧਾਨਸਭਾ ਚੋਣਾਂ ਦੌਰਾਨ ਤਿਜਾਰਾ ਵਿਧਾਨ ਸਭਾ ਸੀਟ ਤੋਂ ਬੀਜੇਪੀ ਦੇ ਆਗੂ ਸੰਦੀਪ ਦਈਆ ਨੇ ਇੱਕ ਰੈਲੀ ਵਿੱਚ ਗੁਰੂ ਘਰਾਂ ਨੂੰ ਨਾਸੂਰ ਕਹਿਕੇ ਸ਼ਰਮਨਾਕ ਬਿਆਨ ਦਿੱਤਾ ਹੈ । ਇਸ ਦੌਰਾਨ ਯੂਪੀ ਦੇ ਮੁੱਖ ਮੰਤਰੀ ਅਦੀਤਿਆਨਾਥ ਯੋਗੀ ਵੀ ਉੱਥੇ ਬੈਠੇ ਸਨ । ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਦਾ ਸਖਤ ਨੋਟਿਸ ਲਿਆ ਹੈ ਉਧਰ SGPC ਨੇ ਘੱਟ ਗਿਣਤੀ ਕਮਿਸ਼ਨ ਤੋਂ ਲੈਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਸ ਬਿਆਨ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ।

ਜਥੇਦਾਰ ਸ਼੍ਰੀ ਅਕਾਲ ਤਖਤ ਨੇ ਕਿਹਾ ਮੁਆਫੀ ਮੰਗਣ ਯੋਗੀ

ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਜਿਸ ਵੇਲੇ ਤਿਜਾਰਾ ਵਿਧਾਨਸਭਾ ਤੋਂ ਬੀਜੇਪੀ ਦੇ ਉਮੀਦਵਾਰ ਮਹੰਤ ਬਾਲਕ ਨਾਥ ਦੇ ਹੱਕ ਵਿੱਚ ਬੋਲ ਦੇ ਹੋਏ ਸੰਦੀਪ ਦਈਆ ਨੇ ਇਲਾਕੇ ਵਿੱਚ ਗੁਰਦੁਆਰਾ ਸਾਹਿਬ ਅਤੇ ਮਸਜੀਦਾਂ ਨੂੰ ਬਣਾਉਣ ਲਈ ਵਿਰੋਧੀ ਉਮੀਦਵਾਰ ਨੂੰ ਜਿੰਮੇਵਾਰ ਦਸਦਿਆਂ ਅਤੇ ਗੁਰਦਵਾਰਾ ਸਾਹਿਬ ਨੂੰ ਨਾਸੂਰ ਕਿਹਾ ਹੈ। ਉਸ ਵੇਲੇ ਬੀਜੇਪੀ ਦੇ ਆਗੂ ਅਤੇ ਯੂਪੀ ਦੇ ਮੁੱਖ ਮੰਤਰੀ ਅਦੀਤਿਆਨਾਥ ਯੋਗੀ ਵੀ ਮੌਜੂਦ ਸਨ। ਸਿੰਘ ਸਾਹਿਬ ਨੇ ਕਿਹਾ ਕੇ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਆਪਣੇ ਆਪ ਨੂੰ ਸਿੱਖਾਂ ਦੇ ਵੱਡੇ ਹਤਾਇਸ਼ੀ ਦੱਸਣ ਵਾਲੇ ਮੁੱਖ ਮੰਤਰੀ ਅਦੀਤਿਆਨਥ ਜੋਗੀ ਦੀ ਮੌਜੂਦਗੀ ਵਿੱਚ ਇਹ ਸਭ ਕੁਝ ਬੋਲਿਆ ਗਿਆ, ਜਦ ਕਿ ਉਨਾਂ ਦੀ ਇਹ ਜੁੰਮੇਵਾਰੀ ਬਣਦੀ ਸੀ ਕਿ ਅਜਿਹੇ ਨਫ਼ਰਤ ਭਰੇ ਬਿਆਨ ਦਾ ਉਸੇ ਸਮੇਂ ਵਿਰੋਧ ਕਰਦੇ।

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਮੰਗ ਕੀਤੀ ਰੈਲੀ ਦੌਰਾਨ ਸਿੱਖ ਵਿਰੋਧੀ ਬਿਆਨ ਲਈ ਯੂਪੀ ਦੇ ਮੁੱਖ ਮੰਤਰੀ ਸਮੇਤ ਰੈਲੀ ਦੇ ਪ੍ਰਬੰਧਕ ਤੇ ਬਿਆਨ ਦੇਣ ਵਾਲਾ ਵਿਅਕਤੀ ਸਿੱਖ ਕੌਮ ਤੋਂ ਤੁਰੰਤ ਮੁਆਫੀ ਮੰਗੇ ਅਤੇ ਨਾਲ ਹੀ ਉੱਚ ਲੀਡਰਸ਼ਿਪ ਨੂੰ ਕਿਹਾ ਕਿ ਬਿਆਨ ਦੇਣ ਵਾਲੇ ਵਿਅਕਤੀ ਨੂੰ ਪਾਰਟੀ ਚੋਂ ਬਰਖਾਸਤ ਕੀਤਾ ਜਾਵੇ ਤਾਂ ਜੋ ਅਮਨ ਸ਼ਾਂਤੀ ਕਾਇਮ ਰਹੇ । ਉਧਰ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਬਿਆਨ ਦੀ ਨਿੰਦਾ ਕੀਤੀ ਤਾਂ ਜਨਰਲ ਸਕੱਤਰ ਗੁਰਚਰਨ ਸਿੰਘ ਨੇ ਇਤਿਹਾਸਿਕ ਘਟਨਾਵਾਂ ਦੇ ਜ਼ਰੀਏ ਬਿਆਨ ਦੇਣ ਵਾਲੇ ਆਗੂ ਅਤੇ ਮੁੱਖ ਮੰਤਰੀ ਯੋਗੀ ਨੂੰ ਨਸੀਅਤ ਦਿੱਤੀ ।

‘ਘੱਟ ਗਿਣਤੀ ਕਮਿਸ਼ਨ ਨੋਟਿਸ ਲਏ’

SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਯੋਗੀ ਅਦਿਤਿਆਨਾਥ ਆਪ ਸਨਾਤਨੀ ਧਰਮ ਨੂੰ ਮਨ ਦੇ ਹਨ ਅਤੇ ਗੁਰੂ ਘਰ ਜਾਂਦੇ ਹਨ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪ ਵੀ ਸਨਾਤਨੀ ਧਰਮ ਦੇ ਭਗਤ ਹਨ। ਉਸ ਦੇ ਬਾਵਜੂਦ ਉਨ੍ਹਾਂ ਦੀ ਹਾਜ਼ਰੀ ਵਿੱਚ ਆਖਿਰ ਕਿਵੇਂ ਕੋਈ ਆਗੂ ਅਜਿਹੀ ਟਿੱਪਣੀ ਕਰ ਸਕਦਾ ਹੈ । ਗਰੇਵਾਲ ਨੇ ਕਿਹਾ ਵਿਰੋਧੀ ਧਿਰ ਦੇ ਆਗੂ ਨੇ ਆਪਣੇ ਸਮੇਂ ਦੌਰਾਨ ਮਸਜਿਦ ਅਤੇ ਗੁਰਦੁਆਰੇ ਲਈ ਫੰਡ ਦੇ ਕੇ ਚੰਗਾ ਕੰਮ ਕੀਤਾ ਇਸ ਨੂੰ ਲੈਕੇ ਅਜਿਹੀ ਨਫਰਤੀ ਟਿੱਪਣੀ ਕਰਨੀ ਚੰਗਾ ਸੁਨੇਹਾ ਨਹੀਂ ਹੈ। ਗਰੇਵਾਲ ਨੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਚੁੱਪੀ ‘ਤੇ ਸਵਾਲ ਚੁੱਕੇ ਉਨ੍ਹਾਂ ਕਿਹਾ ਕੀ ਹੁਣ ਉਹ ਬੀਜੇਪੀ ਦੇ ਆਗੂ ਖਿਲਾਫ ਸਖਤ ਨੋਟਿਸ ਲੈਣਗੇ ਜਿਹੜੇ ਲੋਕ ਗੁਰੂਘਰਾਂ ਖਿਲਾਫ ਮਾੜੀ ਟਿੱਪਣੀ ਕਰਦੇ ਹਨ ।

SGPC ਦੇ ਜਨਰਲ ਸਕੱਤਰ ਨੇ ਯਾਦ ਦਿਵਾਇਆ ਕਿ ਕਿਸ ਤਰ੍ਹਾਂ ਤਿਲਕ ਅਤੇ ਜਨੇਹੂ ਦੀ ਰਾਖੀ ਦੇ ਲਈ ਕਸ਼ਮੀਰੀ ਪੰਡਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੋਲ ਆਏ ਸਨ । ਜਦੋਂ ਸਿੱਖਾਂ ਨੇ SGPC ਨੂੰ ਹੋਂਦ ਵਿੱਚ ਲਿਆਇਆ ਸੀ ਤਾਂ ਇਸ ਨੂੰ ਭਾਰਤ ਦੀ ਅਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ ਦੱਸਿਆ ਗਿਆ ਸੀ । ਉਸ ਵੇਲੇ ਦੇ ਆਗੂਆਂ ਨੇ ਕਿਹਾ ਸੀ ਇਹ ਦੇਸ਼ ਇੱਕ ਗੁਰਦੁਆਰਾ ਹੈ ਤੁਸੀਂ ਇਸ ਨੂੰ ਅਜ਼ਾਦ ਕਰਵਾਉ । ਪਰ ਬੀਜੇਪੀ ਦੇ ਆਗੂਆਂ ਨੇ ਅਜਿਹੇ ਬਿਆਨ ਨਫਰਤ ਭਰੇ ਹੋਏ ਹਨ,ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਸ ਦਾ ਸਖਤ ਨੋਟਿਸ ਲੈਣਾ ਚਾਹੀਦਾ ਹੈ । ਮੁੱਖ ਮੰਤਰੀ ਅਦਿਤਿਆਨਾਥ ਨੂੰ ਵੀ ਇਸ ਦੇ ਲਈ ਮੁਆਫੀ ਮੰਗਣੀ ਚਾਹੀਦਾ ਹੈ ।