India Punjab Religion

ਰਾਹੁਲ ਗਾਂਧੀ ਨੂੰ ਸਿਰੋਪਾ ਦੇਣ ’ਤੇ SGPC ਨੇ ਕੀਤੀ ਸਖ਼ਤ ਕਾਰਵਾਈ! ਡਿਪਟੀ ਮੈਨੇਜਰ ’ਤੇ ਡਿੱਗੀ ਗਾਜ

ਬਿਊਰੋ ਰਿਪੋਰਟ (ਅੰਮ੍ਰਿਤਸਰ, 17 ਸਤੰਬਰ 2025): ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰੇ ਵਿੱਚ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਸਿਰੋਪਾਉ ਦੇਣ ਦੇ ਮਾਮਲੇ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਕਾਰਵਾਈ ਕੀਤੀ ਹੈ। SGPC ਨੇ ਗੁਰਦੁਆਰੇ ਦੇ ਡਿਪਟੀ ਮੈਨੇਜਰ ਦਾ ਤਬਾਦਲਾ ਕਰ ਦਿੱਤਾ ਹੈ, ਜਦੋਂ ਕਿ ਕਥਾਵਾਚਕ ਅਤੇ ਸੇਵਾਦਾਰ ਨੂੰ ਸਸਪੈਂਡ ਕੀਤਾ ਗਿਆ ਹੈ। ਹਾਲਾਂਕਿ, ਇਨ੍ਹਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ।

ਇਹ ਕਦਮ 15 ਸਤੰਬਰ ਨੂੰ ਰਾਹੁਲ ਗਾਂਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਗੁਰਦੁਆਰੇ ਵਿੱਚ ਪਹੁੰਚਣ ’ਤੇ ਉਨ੍ਹਾਂ ਨੂੰ ਸਿਰੋਪਾਉ ਸਨਮਾਨ ਦੇਣ ਤੋਂ ਬਾਅਦ ਉੱਠੇ ਵਿਵਾਦ ਮਗਰੋਂ ਚੁੱਕਿਆ ਗਿਆ। ਕਈ ਸਿੱਖ ਜਥੇਬੰਦੀਆਂ ਨੇ ਇਸ ਸਨਮਾਨ ’ਤੇ SGPC ਅੱਗੇ ਸਖ਼ਤ ਇਤਰਾਜ਼ ਜ਼ਾਹਰ ਕੀਤਾ ਸੀ।

ਜਾਂਚ ਕਮੇਟੀ ਨੇ ਆਪਣੀ ਰਿਪੋਰਟ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ ਵਿੱਚ ਮੈਨੇਜਰ, ਹੇਡ ਗ੍ਰੰਥੀ, ਮੁੱਖ ਸੇਵਾਦਾਰ ਅਤੇ ਇੱਕ ਹੋਰ ਕਰਮਚਾਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। SGPC ਪ੍ਰਧਾਨ ਜਲਦ ਹੀ ਇਸ ਮਾਮਲੇ ’ਤੇ ਅਧਿਕਾਰਕ ਬਿਆਨ ਜਾਰੀ ਕਰਨਗੇ।