Punjab

ਗੁਰਬਾਣੀ ਲਈ 24 ਜੁਲਾਈ ਤੋਂ SGPC ਦਾ YOUTUBE ਚੈਨਲ ਸ਼ੁਰੂ !

ਅੰਮ੍ਰਿਤਸਰ: SGPC ਨੇ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ । ਸਬ ਕਮੇਟੀ ਦੀ ਸਿਫ਼ਾਰਿਸ਼ਾਂ ਤੋਂ ਬਾਅਦ ਹੁਣ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਮੇਟੀ ਦਾ 24 ਜਲਾਈ 2023 ਤੋਂ ਆਪਣਾ 24 ਘੰਟੇ ਦਾ you tube ਚੈਨਲ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦਾ ਨਾਂ ਹੋਵੇਗਾ ‘ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ’ ਜਿਸ ‘ਤੇ SGPC ਦਾ LOGO ਲੱਗਿਆ ਹੋਵੇਗਾ।

ਗੁਰਬਾਣੀ ਪ੍ਰਸਾਰਣ ਦੇ ਸਾਰੇ ਅਧਿਕਾਰ SGPC ਦੇ ਕੋਲ ਹੋਣਗੇ। ਕਿਸੇ ਹੋਰ ਚੈਨਲ ਨੂੰ ਰੀਸਟ੍ਰੀਮ ਕਰਨ ਦਾ ਅਧਿਕਾਰ ਨਹੀਂ ਹੋਵੇਗਾ। ਇਸ ਤੋਂ ਇਲਾਵਾ SGPC ਆਪਣਾ ਨਵਾਂ ਸੈਟੇਲਾਈਟ ਚੈਨਲ ਵੀ ਖੋਲ੍ਹਣ ਜਾ ਰਹੀ ਹੈ, ਇਸ ਦੇ ਲਈ ਕਮੇਟੀ ਵੱਲੋਂ ਭਾਰਤ ਦੇ ਸੂਚਨਾ ਮੰਤਰਾਲਾ ਨੂੰ ਚਿੱਠੀ ਲਿਖੀ ਗਈ ਹੈ । ਇਸ ਮਾਮਲੇ ਵਿੱਚ ਸੂਚਨਾ ਮੰਤਰੀ ਕੋਲੋਂ ਮਿਲਣ ਦਾ ਸਮਾਂ ਵੀ ਮੰਗਿਆ ਗਿਆ ਹੈ। ਪਰ SGPC ਨੇ ਇਹ ਸਾਫ਼ ਨਹੀਂ ਕੀਤਾ ਹੈ ਕਿ PTC ਦਾ ਸੈਟੇਲਾਈਟ ਕੰਟਰੈਕਟ ਜਿਹੜਾ 24 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ, ਉਸ ਦਾ ਕੀ ਹੋਵੇਗਾ । ਕਿਉਂਕਿ ਟੀਵੀ ਚੈਨਲ ਸ਼ੁਰੂ ਕਰਨ ਦੇ ਲਈ SGPC ਨੂੰ ਫ਼ਿਲਹਾਲ ਸਮਾਂ ਲੱਗੇਗਾ।

ਉੱਧਰ ਸੂਤਰਾਂ ਮੁਤਾਬਕ SGPC PTC ਦਾ ਕੰਟਰੈਕਟ ਅਗਲੇ ਤਿੰਨ ਮਹੀਨੇ ਦੇ ਲਈ ਵਧਾ ਸਕਦੀ ਹੈ। SGPC ਤੋਂ PTC ਨੇ 3 ਮਹੀਨੇ ਦਾ ਐਕਸਟੈਨਸ਼ਨ ਵੀ ਮੰਗਿਆ ਹੈ। SGPC ਦੇ ਪ੍ਰਧਾਨ ਨੇ ਦੱਸਿਆ ਕਿ ਸਾਨੂੰ ਹਰ ਸਾਲ 2 ਕਰੋੜ ਰੁਪਏ SGPC ਕੋਲੋਂ ਮਿਲ ਦੇ ਸਨ ਪਰ ਹੁਣ ਆਪਣਾ ਟੈਲੀਕਾਸਟ ਕਰਨ ਦੇ ਲਈ ਪੈਸੇ ਖ਼ਰਚ ਕਰਨੇ ਪੈਣਗੇ ।

ਗੁਰਬਾਣੀ ਦੇ ਪ੍ਰੋਡਕਸ਼ਨ ਲਈ ਕੰਪਨੀ ਨਾਲ ਸਮਝੌਤਾ

ਗੁਰਬਾਣੀ ਦੇ ਪ੍ਰੋਡਕਸ਼ਨ ਲਈ SGPC ਨੇ ਵੱਖ-ਵੱਖ ਕੰਪਨੀਆਂ ਕੋਲੋਂ ਕੁਟੇਸ਼ਨ ਮੰਗੀ ਸੀ । ਜਿਸ ਦੇ ਲਈ ਤਿੰਨ ਕੰਪਨੀਆਂ ਨੇ ਅਪਲਾਈ ਕੀਤਾ ਸੀ । ਪਹਿਲੀ ਕੰਪਨੀ ਦਾ ਨਾਂ ਸੀ ਦਿੱਲੀ ਦੀ ਲਮਹਾਸ ਸੈਟੇਲਾਈਟ ਪ੍ਰਾਈਵੇਟ ਲਿਮਟਿਡ ਜਿਸ ਨੇ ਮਹੀਨੇ ਦਾ 21 ਲੱਖ ਰੁਪਏ ਮੰਗੇ ਸਨ ਇਸ ਦੇ ਲਈ ਕੰਪਨੀ ਨੇ ਚਾਰ ਕੈਮਰੇ ਲਗਾਉਣ ਦੀ ਪੇਸ਼ਕਸ਼ ਰੱਖੀ ਸੀ । ਦੂਜੀ ਕੰਪਨੀ ਸੀ ਸਾਇੰਸ ਸਟਾਰ ਜਿਸ ਨੇ 12 ਲੱਖ 20 ਹਜ਼ਾਰ ਮਹੀਨੇ ਵਿੱਚ ਟੈਲੀਕਾਸਟ ਦੀ ਕੁਟੇਸ਼ਨ ਰੱਖੀ ਸੀ ।

ਅਨਸਕ੍ਰੀਤੀ ਕਮਿਊਨੀਕੇਸ਼ਨ ਨਵੀਂ ਦਿੱਲੀ ਦੀ ਕੰਪਨੀ ਨੇ 12 ਲੱਖ ਮਹੀਨੇ ਵਿੱਚ ਟੈਲੀਕਾਸਟ ਕਰਨ ਦੀ ਆਫ਼ਰ ਕੀਤੀ ਸੀ । ਸਬ ਕਮੇਟੀ ਨੇ ਸਾਰਿਆਂ ਦੀ ਕੁਟੇਸ਼ਨ ਵੇਖਣ ਤੋਂ ਬਾਅਦ ਸਿਫ਼ਾਰਿਸ਼ ਕੀਤੀ ਕਿ ਸਭ ਤੋਂ ਘੱਟ 12 ਲੱਖ ਆਫ਼ਰ ਕਰਨ ਵਾਲੀ ਕੰਪਨੀ ਅਨਸਕ੍ਰੀਤੀ ਨੂੰ ਪ੍ਰੋਡਕਸ਼ਨ ਕਰਨ ਦਿੱਤਾ ਜਾਵੇ। ਪ੍ਰਧਾਨ SGPC ਨੇ ਦੱਸਿਆ ਇਹ ਸਮਝੌਤਾ ਸਿਰਫ਼ 3 ਮਹੀਨੇ ਦੇ ਲਈ ਹੋਇਆ ਹੈ । ਕਮੇਟੀ ਜਲਦ ਹੀ ਆਪਣੇ ਕੈਮਰੇ ਅਤੇ ਟੀਮ ਤਿਆਰ ਕਰੇਗੀ । SGPC ਦੇ ਪ੍ਰਧਾਨ ਨੇ ਦੱਸਿਆ ਕਿ ਕਿ ਸਬ ਕਮੇਟੀ ਨੇ ਇਸ ਤੋਂ ਇਲਾਵਾ ਆਪਣਾ ਸੈਟੇਲਾਈਟ ਚੈਨਲ ਖੋਲ੍ਹਣ ਦੀ ਸਿਫ਼ਾਰਿਸ਼ ਵੀ ਕੀਤੀ ਸੀ ਜਿਸ ਨੂੰ ਮਨਜ਼ੂਰ ਕਰ ਲਿਆ ਹੈ । ਇਸ ਦੇ ਲਈ SGPC ਇੱਕ ਕੰਪਨੀ ਬਣਾਏਗਾ ਜਿਸ ਦੇ ਜ਼ਰੀਏ ਲਾਇਸੈਂਸ ਅਪਲਾਈ ਕੀਤਾ ਜਾਵੇਗਾ।

ਸੈਟੇਲਾਈਟ ਚੈਨਲ ਦੇ ਲਈ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਅਸੀਂ ਇੱਕ ਈ-ਮੇਲ ਭੇਜ ਦਿੱਤੀ ਹੈ ਅਤੇ ਹੁਣ ਸੂਚਨਾ ਪ੍ਰਸਾਰਣ ਮੰਤਰਾਲਾ ਨੂੰ ਵੀ ਸਬ ਕਮੇਟੀ ਮਿਲੇਗੀ ਅਤੇ ਜਲਦ ਤੋਂ ਜਲਦ ਲਾਇਸੈਂਸ ਜਾਰੀ ਕਰਨ ਦੀ ਅਪੀਲ ਕਰਨਗੇ । ਪ੍ਰਧਾਨ ਨੇ ਕਿਹਾ ਲਾਈਵ ਟੈਲੀਕਾਸਟ ਦੇ ਲਈ ਕਮੇਟੀ ਸਲਾਹਕਾਰ ਦੀ ਟੀਮ ਵੀ ਰੱਖੇਗੀ ਅਤੇ ਸਟੂਡੀਓ ਵੀ ਤਿਆਰ ਕਰੇਗੀ । ਇਸ ਦੇ ਨਾਲ SGPC ਦੇ ਗੁਰਬਾਣੀ you tube ਚੈਨਲ ਦੀ ਕੋਈ ਵੀ ਦੁਰਵਰਤੋਂ ਨਾ ਕਰੇ, ਇਸ ਲਈ ਰੀਸਟ੍ਰੀਮ ਕਰਨ ਦਾ ਅਧਿਕਾਰ ਕਿਸੇ ਵੀ ਚੈਨਲ ਕੋਲ ਨਹੀਂ ਹੋਵੇਗਾ। SGPC ਦੇ ਪ੍ਰਧਾਨ ਨੇ ਕਿਹਾ ਸ੍ਰੀ ਅਕਾਲ ਤਖ਼ਤ ਤੋਂ ਜਾਰੀ ਆਦੇਸ਼ ਨੂੰ ਪੂਰਾ ਕਰ ਲਿਆ ਗਿਆ ਹੈ ਅਤੇ ਹੁਣ ਇਸ ਦੀ ਜਾਣਕਾਰੀ ਜਥੇਦਾਰ ਸਾਹਿਬ ਨੂੰ ਵੀ ਦਿੱਤੀ ਜਾ ਰਹੀ ਹੈ ।

ਪੰਜਾਬ ਸਰਕਾਰ ‘ਤੇ ਵੀ ਹਮਲਾ

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮਾਨ ਸਰਕਾਰ ਨੂੰ ਗੁਰਬਾਣੀ ਪ੍ਰਸਾਰਣ ਦੇ ਬਿੱਲ ਨੂੰ ਲੈ ਕੇ ਵੀ ਘੇਰਿਆ । ਉਨ੍ਹਾਂ ਨੇ ਕਿਹਾ ਗੁਰੂ ਅਸਥਾਨਾ ‘ਤੇ ਕਬਜ਼ਾ ਕਰਨ ਦੇ ਮਕਸਦ ਨਾਲ ਇਹ ਬਿੱਲ ਲਿਆਇਆ ਗਿਆ ਸੀ । ਸਿਆਸੀ ਰੋਟੀਆਂ ਸੇਕਣ ਦੇ ਲਈ ਐਕਟ ਵਿੱਚ ਸੋਧ ਕੀਤੀ ਗਈ ਪਰ SGPC ਇਸ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਵੇਗੀ। ਪਿਛਲੇ ਮਹੀਨੇ ਵਿਧਾਨਸਭਾ ਦੇ ਸਪੈਸ਼ਲ ਸੈਸ਼ਨ ਵਿੱਚ ਗੁਰਬਾਣੀ ਪ੍ਰਸਾਰਣ ਸੋਧ ਬਿੱਲ 2023 ਪਾਸ ਕੀਤਾ ਗਿਆ ਸੀ, ਜੋ ਕਿ ਮਨਜ਼ੂਰੀ ਦੇ ਲਈ ਰਾਜਪਾਲ ਕੋਲ ਪਿਆ ਹੈ। ਇਸ ਵਿੱਚ ਸਰਕਾਰ ਨੇ ਗੁਰਬਾਣੀ ਪ੍ਰਸਾਰਣ ਦੇ ਸਾਰੇ ਅਧਿਕਾਰ SGPC ਨੂੰ ਦਿੱਤੇ ਸਨ।