India

SFJ ਦੇ ਬਹਾਨੇ ਬਿੱਟੂ ਨੇ ਸਾਧੇ ਜਥੇਦਾਰ ਹਰਪ੍ਰੀਤ ਸਿੰਘ ‘ਤੇ ਨਿਸ਼ਾਨੇ,ਟਰੂਡੋ ਸਰਕਾਰ ਦਾ ਕੀਤਾ ਧੰਨਵਾਦ

‘ਦ ਖ਼ਾਲਸ ਬਿਊਰੋ- ਟਰੂਡੋ ਸਰਕਾਰ ਵੱਲੋਂ ਐੱਸਐੱਫਜੇ ਦੇ ਰੈਫਰੈਂਡਮ-2020 ਨੂੰ ਰੱਦ ਕਰਨ ‘ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਐੱਸਐੱਫਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਟਰੂਡੋ ਸਰਕਾਰ ਵੱਲੋਂ ਐੱਸਐੱਫਜੇ ਦੇ ਰੈਫਰੈਂਡਮ 2020 ਨੂੰ ਰੱਦ ਕਰਨ ਲਈ ਚੁੱਕਿਆ ਗਿਆ ਕਦਮ NRI ਦੀ ਖਾਲਿਸਤਾਨ ਵਿਰੋਧੀ ਭਾਵਨਾ ਦਾ ਸਿੱਧਾ ਨਤੀਜਾ ਹੈ।

ਬਿੱਟੂ ਨੇ ਪੰਨੂ ਵੱਲੋਂ ਭਾਰਤ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਨੂੰ ਰੱਦ ਕਰਨ ਲਈ ਕੈਨੇਡੀਅਨ ਸਰਕਾਰ ਅਤੇ ਸਾਰੇ ਸ਼ਾਂਤੀ ਪਸੰਦ ਐੱਨਆਰਆਈਜ਼ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪੰਨੂੰ ‘ਤੇ ਤਿੱਖੇ ਸ਼ਬਦਾਂ ਵਿੱਚ ਹਮਲਾ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੇ ਹੀ ਮੁਲਕ ਦੇ ਰਾਸ਼ਟਰਪਤੀ ਟਰੰਪ ਉਨ੍ਹਾਂ ਨੂੰ ਹੱਥਕੜੀਆਂ ਲਾਉਣਗੇ।

ਉੱਧਰ ਹੀ ਪੰਨੂੰ ਦਾ ਕਹਿਣਾ ਹੈ ਕਿ ਟਰੂਡੋ ਕੋਲ ਐੱਸਐੱਫਜੇ ਦੇ ਰੈਫਰੈਂਡਮ-2020 ਨੂੰ ਰੱਦ ਕਰਨ ਦੀ ਤਾਕਤ ਨਹੀਂ ਹੈ। ਰਵਨੀਤ ਬਿੱਟੂ ਨੇ ਲੋਕਾਂ ਨੂੰ ravneetbittu@gmail.com ‘ਤੇ ਪੰਨੂੰ ਅਤੇ ਉਸਦੀ ਟੀਮ ਵੱਲੋਂ ਕੀਤੇ ਗਏ ਗਲਤ ਕੰਮ ਬਾਰੇ ਕੋਈ ਵੀ ਜਾਣਕਾਰੀ ਉਨ੍ਹਾਂ ਤੱਕ ਪਹੁੰਚਾਉਣ ਲਈ ਕਿਹਾ ਹੈ ਤਾਂ ਜੋ ਉਹ ਇਨ੍ਹਾਂ ਦਾ ਹੱਲ ਕੱਢ ਸਕਣ।

ਇਸਦੇ ਨਾਲ ਹੀ ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਆਪਣੇ ਦੇਸ਼ ਵਿੱਚ ਰਹਿ ਕੇ ਹੀ ਰੈਫਰੈਂਡਮ-2020 ਦੇ ਹੱਕ ਵਿੱਚ ਗੱਲ ਕਰਦੇ ਹਨ,ਪੰਨੂੰ ਦੇ ਹੱਕ ਦੀ ਗੱਲ ਕਰਦੇ ਹਨ। ਉਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਆਪਣੇ ਸ਼ਬਦ ਵਾਪਿਸ ਲੈਣ ਬਾਰੇ ਕਿਹਾ ਹੈ। ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚੋਰੀ ਹੋਈਆਂ ਬੀੜ ਸਾਹਿਬ ‘ਤੇ ਵੀ ਗਿਆਨੀ ਜੀ ਨੂੰ ਝਾੜ ਪਾਈ ਹੈ। ਉਨ੍ਹਾਂ ਨੇ ਕਿਹਾ ਕਿ ਟਰੂਡੋ ਸਰਕਾਰ ਵੱਲੋਂ ਐੱਸਐੱਫਜੇ ਦੇ ਰੈਫਰੈਂਡਮ-2020 ਨੂੰ ਰੱਦ ਕਰਨਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਲਈ ਵੀ ਇੱਕ ਸਬਕ ਵਾਲੀ ਗੱਲ ਹੈ।