India International Punjab

SFJ ਨੇ ਰੈਫ਼ਰੈਂਡਮ-2020 ਲਈ ਵੋਟਾਂ ਦੀ ਰਜਿਸਟ੍ਰੇਸ਼ਨ ਕਰਨ ਲਈ ਵੈੱਬਸਾਈਟ ਕੀਤੀ ਜਾਰੀ

‘ਦ ਖ਼ਾਲਸ ਬਿਊਰੋ:- ‘ਸਿੱਖਸ ਫਾਰ ਜਸਟਿਸ’ ਵੱਲੋਂ ਪੰਜਾਬ ਵਿੱਚ ਰੈਫਰੈਂਡਮ-2020 ਲਈ ਵੋਟਾਂ ਦੀ ਰਜਿਸਟ੍ਰੇਸ਼ਨ 4 ਜੁਲਾਈ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸਦੇ ਸੰਬੰਧ ਵਿੱਚ SFJ ਨੇ ਇਕ ਰੂਸੀ ਵੈੱਬ ਪੋਰਟਲ ਰਾਹੀਂ ਪੰਜਾਬ ਵਿੱਚ ਲੋਕਾਂ ਲਈ ‘ਰੈਫਰੈਂਡਮ-2020’ ਵਾਸਤੇ ਆਨਲਾਈਨ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। SFJ ਵੱਲੋਂ ਪਿਛਲੇ ਸਾਲ ਜੁਲਾਈ ਵਿੱਚ ਖਾਲਿਸਤਾਨ ਦੀ ਮੰਗ ਲਈ ਰੈਫਰੈਂਡਮ 2020 ਕਰਵਾਉਣ ਦੇ ਐਲਾਨ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਇਸ ਜਥੇਬੰਦੀ ’ਤੇ ਪਾਬੰਦੀ ਲਗਾ ਦਿੱਤੀ ਸੀ।

 

ਜਾਣਕਾਰੀ ਮੁਤਾਬਿਕ SFJ ਨੇ ਰੂਸ ਦੀ ਵੈੱਬਸਾਈਟ www.punjabfree.ru ਰਾਹੀਂ ਰੈਫਰੈਂਡਮ-2020 ਲਈ ਵੋਟਰ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਪੰਜਾਬ ਦੇ ਲੋਕਾਂ ਅਤੇ ਭਾਰਤ ਵਿੱਚ ਰਹਿੰਦੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਿੱਖਾਂ ਜਾਂ ਹੋਰ ਕਿਸੇ ਵੀ ਧਰਮ ਦੇ ਲੋਕਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਗਈ ਹੈ।

 

ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਰੂਸ-ਆਧਾਰਤ ਵੈੱਬਸਾਈਟ ’ਤੇ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਪਾਈ ਗਈ ਹੈ। SFJ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਰਾਹੀਂ ਵੋਟਰ ਰਜਿਸਟਰੇਸ਼ਨ ਦਾ ਐਲਾਨ ਕੀਤਾ। ਸੂਤਰਾਂ ਨੇ ਦੱਸਿਆ ਕਿ 4 ਜੁਲਾਈ ਦਾ ਦਿਨ ਐੱਸਐੱਫਜੇ ਨੇ ਰੈਫਰੈਂਡਮ 2020 ਲਈ ਵੋਟਰ ਰਜਿਸਟਰੇਸ਼ਨ ਸ਼ੁਰੂ ਕਰਨ ਵਾਸਤੇ ਇਸ ਲਈ ਚੁਣਿਆ ਸੀ ਕਿਉਂਕਿ 1955 ਵਿੱਚ ਇਸ ਦਿਨ ਇਕੱਠੇ ਹੋਏ ਵੱਖਵਾਦੀ ਸਿੱਖ ਵਾਲੰਟੀਅਰਾਂ ਨੂੰ ਖਿੰਡਾਉਣ ਲਈ ਸਰਕਾਰ ਨੇ ਪੁਲੀਸ ਨੂੰ ਸ੍ਰੀ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਣ ਦਾ ਆਦੇਸ਼ ਦਿੱਤਾ ਸੀ।’’ ਇਸ ਮੁਹਿੰਮ ਦੇ ਸ਼ੁਰੂ ਹੋਣ ਨਾਲ ਪੰਜਾਬ ਪੁਲਿਸ ਤੇ ਕੇਂਦਰੀ ਖ਼ੁਫ਼ੀਆ ਏਜੰਸੀਆਂ ਪੂਰੀ ਤਰ੍ਹਾਂ ਚੁਕੰਨੀਆਂ ਹੋ ਗਈਆਂ ਹਨ।

ਜਾਣਕਾਰੀ ਲਈ ਦੱਸ ਦੇਈਏ ਕਿ ਸਿੱਖਸ ਫਾਰ ਜਸਟਿਸ ਵੱਲੋਂ ਜਾਰੀ ਕੀਤੀ ਗਈ ਇਹ ਵੈੱਬਸਾਈਟ ਭਾਰਤ ਵਿੱਚ ਬਲੌਕ ਕੀਤੀ ਗਈ ਹੈ।