‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਹੁੰਚੇ ਅੰਮ੍ਰਿਤਸਰ ਏਅਰਪੋਰਟ। ਅਰਵਿੰਦ ਕੇਜਰੀਵਾਲ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਪਿੰਡ ਕਾਹਨੂੰਵਾਨ ‘ਚ ਪਹੁੰਚੇ। ਸੇਖਵਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦਾ ਘਰ ਪਹੁੰਚਣ ‘ਤੇ ਸਿਰੋਪਾ ਪਾ ਕੇ ਸਵਾਗਤ ਕੀਤਾ ਗਿਆ। ਹਾਲਾਂਕਿ ਸੇਖਵਾਂ ਕੇਜਰੀਵਾਲ ਦੇ ਸਵਾਗਤ ਲਈ ਘਰ ਦੇ ਬਾਹਰ ਨਜ਼ਰ ਨਹੀਂ ਆਏ। ਕੇਜਰੀਵਾਲ ਦੇ ਪਹੁੰਚਣ ਤੋਂ ਬਾਅਦ ਘਰ ਦੇ ਅੰਦਰ ਡੋਰ ਬੰਦ ਸੇਖਵਾਂ ਨਾਲ ਮੁਲਾਕਾਤ ਕੀਤੀ ਗਈ। ਇਸ ਤੋਂ ਬਾਅਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਸੇਖਵਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ। ਸੇਖਵਾਂ ਨੇ ਕਿਹਾ ਕਿ ਕੇਜਰੀਵਾਲ ਮੇਰੀ ਸਿਹਤ ਦਾ ਪਤਾ ਲੈਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਮੇਰੀਆਂ ਤਿੰਨ ਪੀੜ੍ਹੀਆਂ ਨੇ ਅਕਾਲੀ ਦਲ ਵਿੱਚ ਸੇਵਾ ਕੀਤੀ ਪਰ ਕੋਈ ਮੇਰਾ ਹਾਲ ਪੁੱਛਣ ਲਈ ਨਹੀਂ ਆਇਆ ਕਿ ਤੂੰ ਜਿਊਂਦਾ ਹੈ ਜਾਂ ਮਰ ਗਿਆ ਹੈ। ਪਰ ਜਿਸ ਬੰਦੇ ‘ਤੇ ਮੇਰਾ ਕੋਈ ਅਹਿਸਾਨ ਨਹੀਂ ਤੇ ਉਹ ਦੁਨੀਆ ਦੀ ਇੰਨੀ ਵੱਡੀ ਸ਼ਖਸੀਅਤ ਹੋਵੇ, ਉਹ ਮੇਰੀ ਖਬਰ ਲੈਣ ਲਈ ਆਵੇ, ਉਸ ਨਾਲੋਂ ਦੁਨੀਆ ‘ਤੇ ਹੋਰ ਕੋਈ ਮਹਾਨ ਇਨਸਾਨ ਨਹੀਂ ਹੈ। ਕੇਜਰੀਵਾਲ ਦੇਸ਼ ਦਾ ਭਵਿੱਖ ਹਨ। ਸੇਖਵਾਂ ਨੇ ਆਪਣੇ ਅਖੀਰਲੇ ਸਾਹ ਤੱਕ ਕੇਜਰੀਵਾਲ ਦਾ ਸਾਥ ਦੇਣ ਦਾ ਪ੍ਰਣ ਕੀਤਾ। ਕੇਜਰੀਵਾਲ ਨੇ ਕਿਹਾ ਕਿ ਸੇਖਵਾਂ ਸਾਡੇ ਬਜ਼ੁਰਗ ਹਨ ਅਤੇ ਸਾਨੂੰ ਬੱਚਾ ਸਮਝ ਕੇ ਸਾਡੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਅਸੀਂ ਸਾਰੇ ਆਪਣੇ ਦਿਲ ਤੋਂ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕਰਦੇ ਹਾਂ। ਉਹ ਸਾਡਾ ਮਾਰਗ-ਦਰਸ਼ਨ ਕਰਨਗੇ। ਸਾਡੀ ਨਵੀਂ-ਨਵੀਂ ਪਾਰਟੀ ਹੈ, ਜਿਸ ਕਰਕੇ ਸਾਨੂੰ ਰਾਜਨੀਤੀ ਨਹੀਂ ਕਰਨੀ ਆਉਂਦੀ। ਸਾਡਾ ਮਿਸ਼ਨ ਹੈ ਕਿ ਅਸੀਂ ਇਸ ਤਰ੍ਹਾਂ ਦਾ ਪੰਜਾਬ ਬਣਾਈਏ, ਜਿੱਥੇ ਅਮਨ-ਸ਼ਾਂਤੀ, ਸਭ ਦਾ ਵਿਕਾਸ ਹੋਵੇ। ਸਭ ਨੂੰ ਵਧੀਆ ਸਿੱਖਿਆ, ਵਧੀਆ ਇਲਾਜ, ਵਧੀਆ ਬਿਜਲੀ, ਕਿਸਾਨਾਂ, ਮਜ਼ਦੂਰਾਂ ਨੂੰ ਨਿਆਂ ਮਿਲੇ। ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਵਧੀਆ ਬਣਾਵਾਂਗੇ। ਕੇਜਰੀਵਾਲ ਨੇ ਸਿੱਧੂ ਦੇ ਸਲਾਹਕਾਰਾਂ ਵੱਲੋਂ ਦਿੱਤੇ ਗਏ ਕਸ਼ਮੀਰ ਨਾਲ ਜੁੜੇ ਬਿਆਨ ਬਾਰੇ ਬੋਲਦਿਆਂ ਕਿਹਾ ਕਿ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਭਾਰਤ ਇੱਕ ਹੈ, ਇਸਨੂੰ ਕੋਈ ਅਲੱਗ ਨਹੀਂ ਕਰ ਸਕਦਾ। ਇਸ ਤਰ੍ਹਾਂ ਦੇ ਬਿਆਨ ਸਹੀ ਨਹੀਂ ਹਨ, ਕਿਉਂਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਇੱਥੇ ਕੋਈ ਵੀ ਬਿਆਨ ਬਹੁਤ ਸੋਚ-ਸਮਝ ਅਤੇ ਜ਼ਿੰਮੇਦਾਰੀ ਦੇ ਨਾਲ ਦਿੱਤਾ ਜਾਣਾ ਚਾਹੀਦਾ ਹੈ। ਕੇਜਰੀਵਾਲ ਦੇ ਨਾਲ ਭਗਵੰਤ ਮਾਨ, ਰਾਘਵ ਚੱਢਾ, ਹਰਪਾਲ ਚੀਮਾ, ਮੀਤ ਹੇਅਰ, ਪ੍ਰੋ. ਬਲਜਿੰਦਰ ਕੌਰ ਵੀ ਮੌਜੂਦ ਹਨ।