ਬਿਊਰੋ ਰਿਪੋਰਟ (ਚੰਡੀਗੜ੍ਹ, 14 ਦਸੰਬਰ 2025): ਦੇਸ਼ ਭਰ ਵਿੱਚ ਅਗਲੇ ਹਫ਼ਤੇ ਤੋਂ ਕੜਾਕੇ ਦੀ ਸਰਦੀ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਅਨੁਸਾਰ, ਇਸ ਸਰਦੀਆਂ ਦੀ ਪਹਿਲੀ ਵੱਡੀ ਪੱਛਮੀ ਗੜਬੜੀ (Western Disturbance) 17 ਦਸੰਬਰ ਨੂੰ ਹਿਮਾਲੀਅਨ ਸੂਬਿਆਂ ਵਿੱਚ ਪਹੁੰਚੇਗੀ, ਜਿਸ ਨਾਲ ਤਾਪਮਾਨ ਤੇਜ਼ੀ ਨਾਲ ਹੇਠਾਂ ਆਵੇਗਾ।
18 ਤੋਂ 20 ਦਸੰਬਰ ਦੇ ਵਿਚਕਾਰ, ਇਸ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਵਿੱਚ ਚੰਗੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।
21 ਅਤੇ 22 ਦਸੰਬਰ ਨੂੰ ਪਹਾੜਾਂ ਤੋਂ ਬੱਦਲ ਹਟਦੇ ਹੀ ਤਾਪਮਾਨ ਤੇਜ਼ੀ ਨਾਲ ਡਿੱਗੇਗਾ। ਪਾਰਾ ਆਮ ਨਾਲੋਂ 5 ਤੋਂ 6 ਡਿਗਰੀ ਸੈਲਸੀਅਸ ਤੱਕ ਹੇਠਾਂ ਜਾ ਸਕਦਾ ਹੈ।
ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਠੰਢ ਵਧਣ ਅਤੇ ਉੱਤਰਾਖੰਡ ਦੇ ਉੱਤਰਕਾਸ਼ੀ, ਚਮੋਲੀ ਅਤੇ ਪਿਥੌਰਾਗੜ੍ਹ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਪਾਰਾ ਹੋਰ 2-3°C ਡਿੱਗ ਸਕਦਾ ਹੈ।
ਪਹਾੜਾਂ ਤੋਂ ਚੱਲਣ ਵਾਲੀਆਂ ਠੰਡੀਆਂ ਹਵਾਵਾਂ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਭਾਰਤ ਤੱਕ ਪਹੁੰਚਣਗੀਆਂ, ਜਿਸ ਨਾਲ ਮੈਦਾਨੀ ਇਲਾਕਿਆਂ ਵਿੱਚ ਠੰਢ ਕਾਫੀ ਵੱਧ ਜਾਵੇਗੀ।

