ਮੁਹਾਲੀ : ਪੰਜਾਬ ਅਤੇ ਉੱਤਰੀ ਭਾਰਤ ਦੇ ਬਾਕੀ ਸੂਬਿਆਂ ‘ਚ ਪੈ ਰਹਿ ਬੇਹੱਦ ਸਰਦੀ ਦੌਰਾਨ ਤਾਪਮਾਨ ਸਿਫਰ ਡਿਗਰੀ ਜਾਂ ਇਸ ਤੋਂ ਵੀ ਹੇਠਾਂ ਜਾਂ ਕਰਕੇ , ਖੇਤਾਂ ‘ਚ ਫਸਲਾਂ ‘ਤੇ ਘਾਹ ਆਦਿਕ ਤੇ ਜਾਂ ਕੁਝ ਹੋਰ ਥਾਵਾਂ ‘ਤੇ ਬਰਫ਼ ਵਾਂਗ ਪਾਣੀ ਜੰਮਿਆ ਦਿਸਦਾ ਹੈ। ਕੜਾਕੇ ਦੀ ਠੰਢ ਤੋਂ ਪੈ ਰਹੇ ਕੋਹਰੇ ਨੇ ਸਬਜ਼ੀਆਂ ਤੇ ਹਰੇ ਚਾਰੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਰਾਤ ਸਮੇਂ ਕੋਹਰਾ ਪੈਣ ਕਰਕੇ ਤਾਪਮਾਨ ਹੋਰ ਵੀ ਡਿੱਗਣ ਲੱਗਾ ਹੈ ਅਤੇ ਫ਼ਸਲਾਂ ’ਤੇ ਸਵੇਰ ਵਕਤ ਸਫ਼ੈਦ ਚਾਦਰ ਵਿਛੀ ਹੋਈ ਨਜ਼ਰ ਪੈਣ ਲੱਗੀ ਹੈ। ਸੂਬੇ ਵਿਚ ਕੋਹਰਾ ਖ਼ਾਸ ਕਰਕੇ ਆਲੂ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਪਹੁੰਚਾ ਰਿਹਾ ਹੈ। ਸਬਜ਼ੀਆਂ ਤੋਂ ਇਲਾਵਾ ਹਰਾ ਚਾਰਾ ਵੀ ਕੋਹਰੇ ਦੀ ਮਾਰ ਝੱਲਣ ਤੋਂ ਬੇਵੱਸ ਹੈ।
ਕਈ ਦਿਨਾਂ ਤੋਂ ਠੰਢ ਦਾ ਪ੍ਰਕੋਪ ਵਧਿਆ ਹੋਇਆ ਹੈ। ਬੇਸ਼ੱਕ ਦਿਨ ਵਕਤ ਬਹੁਤੀਆਂ ਥਾਵਾਂ ’ਤੇ ਧੁੱਪ ਨਿਕਲਣ ਲੱਗੀ ਹੈ, ਪਰ ਹੁਣ ਕਿਸਾਨਾਂ ਨੂੰ ਕੋਹਰੇ ਨੇ ਫ਼ਿਕਰਮੰਦ ਕਰ ਦਿੱਤਾ ਹੈ। ਮਾਨਸਾ ਜ਼ਿਲ੍ਹੇ ਵਿਚ ਸਬਜ਼ੀਆਂ ਨੂੰ ਕੋਹਰੇ ਦਾ ਖੋਰਾ ਲੱਗ ਰਿਹਾ ਹੈ ਅਤੇ ਇਸ ਜ਼ਿਲ੍ਹੇ ਵਿਚ ਬਹੁਤੇ ਕਿਸਾਨਾਂ ਵਿਚ ਡਰ ਹੈ ਕਿ ਜੇ ਇਸੇ ਤਰ੍ਹਾਂ ਕੋਹਰਾ ਪੈਂਦਾ ਰਿਹਾ ਤਾਂ ਫ਼ਸਲੀ ਝਾੜ ਪ੍ਰਭਾਵਿਤ ਹੋਵੇਗਾ।
ਬਠਿੰਡਾ ਜ਼ਿਲ੍ਹੇ ਵਿਚ ਕਰੀਬ 12 ਹਜ਼ਾਰ ਏਕੜ ਰਕਬੇ ਵਿਚ ਆਲੂਆਂ ਦੀ ਬਿਜਾਂਦ ਹੈ। ਖ਼ਾਸ ਕਰਕੇ ਰਾਮਪੁਰਾ ਫੂਲ ਇਲਾਕੇ ਵਿਚ ਆਲੂਆਂ ਦੀ ਪੈਦਾਵਾਰ ਕਾਫ਼ੀ ਹੁੰਦੀ ਹੈ ਅਤੇ 20 ਅਕਤੂਬਰ ਤੋਂ ਆਲੂਆਂ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਜਿਹੜੀ ਫ਼ਸਲ 70 ਤੋਂ 90 ਦਿਨਾਂ ਦੇ ਵਿਚਕਾਰ ਹੈ, ਉਸ ਫ਼ਸਲ ਨੂੰ ਕੋਹਰਾ ਸੱਟ ਮਾਰ ਰਿਹਾ ਹੈ। ਪਿੰਡ ਕਰਾੜਵਾਲਾ ਦੇ ਅਗਾਂਹਵਧੂ ਕਿਸਾਨ ਹਰਚਰਨ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਐਤਵਾਰ ਤੋਂ ਕੋਹਰਾ ਰਾਤ ਨੂੰ 12 ਵਜੇ ਤੋਂ ਬਾਅਦ ਪੈ ਰਿਹਾ ਹੈ
ਜਿਸ ਨਾਲ ਕਰੀਬ 20 ਫ਼ੀਸਦੀ ਆਲੂਆਂ ਦੇ ਝਾੜ ’ਤੇ ਅਸਰ ਪਵੇਗਾ। ਆਲੂ ਦੀ ਫ਼ਸਲ ਇਸ ਵੇਲੇ ਅੰਤਿਮ ਪੜਾਅ ’ਤੇ ਹੈ ਅਤੇ ਕੋਹਰਾ ਪੈਣ ਕਰਕੇ ਫ਼ਸਲ ਦੀ ਗਰੋਥ ਰੁਕਣ ਲੱਗੀ ਹੈ। ਰਾਮਪੁਰਾ ਖੇਤਰ ਦੇ ਪਿੰਡ ਕਰਾੜਵਾਲਾ, ਬੁੱਗਰ, ਹਰਨਾਮ ਸਿੰਘ ਵਾਲਾ, ਸੇਲਬਰਾਹ, ਪਿੱਥੋ, ਭਾਈਰੂਪਾ ਆਦਿ ਪਿੰਡਾਂ ਵਿਚ ਆਲੂਆਂ ਦੀ ਫ਼ਸਲ ਨੂੰ ਕੋਹਰੇ ਦੀ ਮਾਰ ਝੱਲਣੀ ਪਈ ਹੈ।
ਬਹੁਤੇ ਕਿਸਾਨਾਂ ਦਾ ਕਹਿਣਾ ਹੈ ਕਿ ਮੌਸਮ ਨੂੰ ਲੈ ਕੇ ਬਾਗ਼ਬਾਨੀ ਮਹਿਕਮੇ ਵੱਲੋਂ ਕੋਈ ਅਗਾਊਂ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਜਾਂਦੀ ਹੈ। ਬਾਗ਼ਬਾਨੀ ਅਧਿਕਾਰੀ ਇਹ ਮੰਨਣ ਨੂੰ ਤਿਆਰ ਨਹੀਂ ਕਿ ਕੋਹਰੇ ਨੇ ਕੋਈ ਨੁਕਸਾਨ ਵੀ ਕੀਤਾ ਹੈ। ਪਿੰਡ ਮੰਡੀ ਕਲਾਂ ਦੇ ਆਲੂ ਕਾਰੋਬਾਰੀ ਰਾਜਾ ਸਿੰਘ ਦਾ ਕਹਿਣਾ ਸੀ ਕਿ ਅਜਿਹੇ ਸਮੇਂ ਵਿਚ ਆਲੂਆਂ ਦੀ ਫ਼ਸਲ ਨੂੰ ਫ਼ੌਰੀ ਪਾਣੀ ਦੀ ਲੋੜ ਹੁੰਦੀ ਹੈ ਅਤੇ ਇਸ ਨਾਲ ਹੀ ਫ਼ਸਲ ਦਾ ਬਚਾਓ ਹੋ ਸਕਦਾ ਹੈ। ਖੇਤੀ ਮਾਹਿਰ ਕਣਕ ਦੀ ਫ਼ਸਲ ਲਈ ਇਸ ਨੂੰ ਲਾਹੇਵੰਦਾ ਦੱਸ ਰਹੇ ਹਨ। ਵੱਡਾ ਨੁਕਸਾਨ ਸਬਜ਼ੀਆਂ ਦਾ ਹੀ ਹੋਇਆ ਹੈ।
ਪਰਵਾਸੀ ਮਜ਼ਦੂਰਾਂ, ਜੋ ਪੰਜਾਬ ਵਿਚ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ, ਦਾ ਕਹਿਣਾ ਹੈ ਕਿ ਐਤਕੀਂ ਸਬਜ਼ੀਆਂ ਦੀ ਪੈਦਾਵਾਰ ਘਟੇਗੀ, ਜਿਸ ਨਾਲ ਸਬਜ਼ੀਆਂ ਦੇ ਭਾਅ ਵਧਣ ਦੀ ਸੰਭਾਵਨਾ ਹੈ। ਆਲੂ ਕਾਸ਼ਤਕਾਰਾਂ ਦਾ ਕਹਿਣਾ ਹੈ ਕਿ ਬਾਗ਼ਬਾਨੀ ਅਤੇ ਪਾਵਰਕੌਮ ਦਰਮਿਆਨ ਤਾਲਮੇਲ ਦੀ ਕਮੀ ਦਾ ਖ਼ਮਿਆਜ਼ਾ ਕਾਸ਼ਤਕਾਰਾਂ ਨੂੰ ਭੁਗਤਣਾ ਪੈਂਦਾ ਹੈ।