ਚੰਡੀਗੜ੍ਹ : ਦੇਸ਼ ਦੀ ਰਾਜਧਾਨੀ ਦਿੱਲੀ-ਐੱਨਸੀਆਰ ਸਮੇਤ ਪੂਰੇ ਉੱਤਰ ਭਾਰਤ ‘ਚ ਸੀਤ ਲਹਿਰ ਜਾਰੀ ਹੈ। ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸੰਘਣੀ ਧੁੰਦ, ਠੰਢ ਅਤੇ ਸ਼ੀਤ ਲਹਿਰ ਦੇ ਹਾਲਾਤ ਬਰਕਰਾਰ ਹਨ।ਪੰਜਾਬ-ਹਰਿਆਣਾ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ।
ਠੰਢੀਆਂ ਹਵਾਵਾਂ ਨੇ ਸਾਰਾ ਦਿਨ ਲੋਕਾਂ ਨੂੰ ਕੰਬਣੀ ਛੇੜੀ ਰੱਖੀ। ਇਸ ਦੌਰਾਨ ਦੋਪਹੀਆ ਵਾਹਨਾਂ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਠੰਢ ਕਾਰਨ ਲੋਕ ਘਰਾਂ ਵਿੱਚ ਹੀ ਰਹੇ। ਇਸ ਕਰਕੇ ਕਾਰੋਬਾਰ ਵੀ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ। ਠੰਢ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ।
ਪੰਜਾਬ ਵਿੱਚ ਅਗਲੇ ਤਿੰਨ ਦਿਨਾਂ ਤੱਕ ਧੁੱਪ ਰਹੇਗੀ। ਇੰਨਾ ਹੀ ਨਹੀਂ ਦਿਨ ਦੇ ਤਾਪਮਾਨ ‘ਚ ਵੀ ਵਾਧਾ ਦਰਜ ਕੀਤਾ ਜਾਵੇਗਾ। ਜਿੱਥੇ ਮੌਸਮ ਵਿਭਾਗ ਨੇ ਪੰਜਾਬ ਦੇ ਮਾਝੇ ਅਤੇ ਦੁਆਬੇ ‘ਚ ਯੈਲੋ ਅਲਰਟ ਦਿੱਤਾ ਹੈ, ਉੱਥੇ ਹੀ ਮਾਲਵੇ ‘ਚ ਵੀ ਆਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਪਰ 11 ਜਨਵਰੀ ਤੋਂ ਵੈਸਟਰਨ ਡਿਸਟਰਬੈਂਸ ਕਾਰਨ ਠੰਡ ਇਕ ਵਾਰ ਫਿਰ ਵਧਣ ਜਾ ਰਹੀ ਹੈ।ਮੌਸਮ ਵਿਭਾਗ ਮੁਤਾਬਿਕ ਅਗਲੇ ਦਿਨਾਂ ਲਈ ਤਿੰਨ ਦਿਨ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ‘ਚ ਸਵੇਰੇ ਧੁੰਦ ਪੈਣ ਵਾਲੀ ਹੈ ਪਰ ਦਿਨ ਚੜ੍ਹਨ ਤੋਂ ਬਾਅਦ ਸੂਰਜ ਵੀ ਖਿੜ ਜਾਵੇਗਾ।
ਜਿਸ ਕਾਰਨ ਦਿਨ ਦੇ ਤਾਪਮਾਨ ਵਿੱਚ ਵੀ ਮਾਮੂਲੀ ਵਾਧਾ ਦੇਖਣ ਨੂੰ ਮਿਲੇਗਾ। ਅਗਲੇ ਤਿੰਨ ਦਿਨਾਂ ਤੱਕ ਜ਼ਿਆਦਾਤਰ ਸ਼ਹਿਰਾਂ ਦਾ ਦਿਨ ਦਾ ਤਾਪਮਾਨ 16 ਡਿਗਰੀ ਦੇ ਨੇੜੇ ਪਹੁੰਚ ਜਾਵੇਗਾ। ਇਸ ਦੇ ਨਾਲ ਹੀ, ਘੱਟੋ-ਘੱਟ ਤਾਪਮਾਨ ਵੀ 10 ਤੱਕ ਪਹੁੰਚ ਸਕਦਾ ਹੈ, ਜੋ ਕਿ ਵਰਤਮਾਨ ਵਿੱਚ 6 ਡਿਗਰੀ ਦੇ ਆਸ-ਪਾਸ ਚੱਲ ਰਿਹਾ ਹੈ।
ਵੈਸਟਰਨ ਡਿਸਟਰਬੈਂਸ ਇੱਕ ਗੈਰ-ਮੌਨਸੂਨ ਬਾਰਿਸ਼ ਦਾ ਪੈਟਰਨ ਹੈ ਜੋ ਪੱਛਮੀ ਦੇਸ਼ਾਂ ਦੁਆਰਾ ਚਲਾਇਆ ਜਾਂਦਾ ਹੈ। ਇਸ ਤੂਫਾਨ ਦੇ 11 ਜਨਵਰੀ ਤੱਕ ਹਿਮਾਚਲ ਪਹੁੰਚਣ ਦੀ ਸੰਭਾਵਨਾ ਹੈ। ਜਿਸ ਕਾਰਨ 11 ਜਨਵਰੀ ਤੋਂ ਤਾਜ਼ਾ ਬਰਫਬਾਰੀ ਹੋ ਸਕਦੀ ਹੈ। ਜਿਸ ਤੋਂ ਬਾਅਦ ਪੰਜਾਬ ਦੇ ਇਲਾਕਿਆਂ ‘ਚ ਠੰਡ ਵਧੇਗੀ। ਜਿਸ ਕਾਰਨ ਦਿਨ ਦੇ ਤਾਪਮਾਨ ਵਿੱਚ ਹੋਰ ਗਿਰਾਵਟ ਦੇਖਣ ਨੂੰ ਮਿਲੇਗੀ।
ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਦੌਰਾਨ ਦਿੱਲੀ, ਉੱਤਰਾਖੰਡ, ਰਾਜਸਥਾਨ, ਬਿਹਾਰ, ਯੂਪੀ-ਐਮਪੀ, ਪੱਛਮੀ ਬੰਗਾਲ, ਸਿੱਕਮ, ਅਸਾਮ ਅਤੇ ਤ੍ਰਿਪੁਰਾ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਹੈ।
ਇਸ ਦੇ ਨਾਲ ਹੀ ਕਈ ਰਾਜਾਂ ਵਿੱਚ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਹੈ। ਉੱਤਰੀ ਭਾਰਤ ਇਨ੍ਹੀਂ ਦਿਨੀਂ ਭਾਰੀ ਠੰਡ ਦੀ ਲਪੇਟ ‘ਚ ਹੈ।ਦਿੱਲੀ ਦੇ ਕਈ ਇਲਾਕਿਆਂ ‘ਚ ਪਾਰਾ 2 ਡਿਗਰੀ ਤੋਂ ਹੇਠਾਂ ਚਲਾ ਗਿਆ ਹੈ। ਅੱਜ 8 ਜਨਵਰੀ ਨੂੰ ਦਿੱਲੀ ‘ਚ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਹੈ। ਸਫਦਰਜੰਗ ਵਿੱਚ ਘੱਟੋ-ਘੱਟ ਤਾਪਮਾਨ 1.9 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਭਾਗ (IMD) ਅਨੁਸਾਰ ਅੱਜ ਐਤਵਾਰ 8 ਜਨਵਰੀ ਨੂੰ ਦਿੱਲੀ ਦੇ ਪਾਲਮ ਇਲਾਕੇ ਵਿੱਚ ਘੱਟੋ-ਘੱਟ ਤਾਪਮਾਨ 2.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਸਫਦਰਜੰਗ 1.9, ਲੋਧੀ ਰੋਡ 2.8, ਰਿਜ 2.2 ਅਤੇ ਅਯਾਨਗਰ 2.6 ਡਿਗਰੀ ਸੈਲਸੀਅਸ ਘੱਟੋ-ਘੱਟ ਪਾਰਾ ਦਰਜ ਕੀਤਾ ਗਿਆ।
ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਅੱਜ ਯਾਨੀ 8 ਜਨਵਰੀ ਨੂੰ ਦਿੱਲੀ ਵਿੱਚ ਸੀਤ ਲਹਿਰ ਦਾ ਪ੍ਰਕੋਪ ਜਾਰੀ ਰਹੇਗਾ। ਇਸ ਦੌਰਾਨ ਘੱਟੋ-ਘੱਟ ਤਾਪਮਾਨ 2 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਸੈਲਸੀਅਸ ਹੋ ਸਕਦਾ ਹੈ। ਸੀਤ ਲਹਿਰ ਦੇ ਨਾਲ-ਨਾਲ ਧੁੰਦ ਵੀ ਪ੍ਰੇਸ਼ਾਨ ਕਰੇਗੀ।