ਹਿਮਾਚਲ ਪ੍ਰਦੇਸ਼ ‘ਚ ਹੋਈ ਬਾਰਸ਼ ਕਾਰਨ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ ਹੈ। ਇਸ ਕਾਰਨ ਪੌਂਗ ਡੈਮ ਦੇ ਪਾਣੀ ਦਾ ਪੱਧਰ ਵੀ ਵਧ ਗਿਆ ਹੈ। ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਪੰਜ ਜ਼ਿਲ੍ਹਿਆਂ ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਤਰਨਤਾਰਨ ਦੇ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਪਾਣੀ ਦੇ ਵਹਾਅ ਨੂੰ ਰੋਕਣ ਲਈ ਦਰਿਆ ਦੇ ਕਿਨਾਰਿਆਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ ਅਤੇ ਵਿਭਾਗ ਦੇ ਫ਼ੀਲਡ ਸਟਾਫ਼ ਨੂੰ ਸਥਿਤੀ ‘ਤੇ 24 ਘੰਟੇ ਨਿਗਰਾਨੀ ਰੱਖਣ ਲਈ ਕਿਹਾ ਗਿਆ ਹੈ।
ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕੇ ‘ਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਪੌਂਗ ਡੈਮ ‘ਚ 7 ਲੱਖ ਕਿਊਸਿਕ ਤੋਂ ਵੱਧ ਪਾਣੀ ਦੀ ਆਮਦ ਹੋਈ ਹੈ। ਪੌਂਗ ਡੈਮ ਦਾ ਮੌਜੂਦਾ ਪੱਧਰ 1395.91 ਫੁੱਟ ਹੈ ਅਤੇ ਇਸ ਦਾ ਵੱਧ ਤੋਂ ਵੱਧ ਪੱਧਰ 1390.00 ਫੁੱਟ ਰੱਖਿਆ ਗਿਆ ਹੈ।
ਜਦੋਂ ਕਿ ਡੈਮ ਦੇ ਡਿਜ਼ਾਈਨ ਅਨੁਸਾਰ ਇਸ ਦਾ ਪਾਣੀ ਦਾ ਪੱਧਰ 1421 ਫੁੱਟ ਹੋ ਸਕਦਾ ਹੈ ਅਤੇ ਡੈਮ 1400 ਫੁੱਟ ਤੱਕ ਆਸਾਨੀ ਨਾਲ ਪਾਣੀ ਨੂੰ ਸੰਭਾਲਣ ਦੀ ਸਮਰੱਥਾ ਰੱਖਦਾ ਹੈ | ਭਵਿੱਖ ਵਿੱਚ ਪਾਣੀ ਦੇ ਤੇਜ਼ ਵਹਾਅ ਦੀ ਸਥਿਤੀ ਨਾਲ ਨਜਿੱਠਣ ਲਈ ਡੈਮ ਤੋਂ ਕਰੀਬ 68,000 ਕਿਊਸਿਕ ਪਾਣੀ ਨਿਯੰਤਰਿਤ ਤਰੀਕੇ ਨਾਲ ਛੱਡਣ ਦਾ ਫ਼ੈਸਲਾ ਕੀਤਾ ਗਿਆ ਹੈ।