Punjab

ਪੰਜਾਬ ਦੇ ਹਾਲਾਤਾਂ ‘ਤੇ ਪੁਲਿਸ ਦੇ ਦਾਅਵੇ ‘ਤੇ ਗੰਭੀਰ ਸਵਾਲ, ਵਿਦੇਸ਼ੀ ਸਿੱਖ MP ਨੇ ਵੀ ਚੁੱਕੇ ਸਵਾਲ

ਚੰਡੀਗੜ੍ਹ :  ਪੰਜਾਬ ‘ਚ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਤਲਾਸ਼ ਐਤਵਾਰ ਨੂੰ ਦੂਜੇ ਦਿਨ ਵੀ ਜਾਰੀ ਹੈ। ਪੰਜਾਬ ਪੁਲਿਸ ਨੇ ਸੂਬੇ ਵਿੱਚ ਉਨ੍ਹਾਂ ਨੂੰ ਲੱਭਣ ਲਈ ਇੱਕ ਮੈਗਾ ਸਰਚ ਅਭਿਆਨ ਚਲਾਇਆ ਹੈ ਅਪਰੇਸ਼ਨ ਦੌਰਾਨ ਹੁਣ ਤੱਕ ਕੁੱਲ 78 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਕਈਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ।

ਉਨ੍ਹਾਂ ਦੀ ਗ੍ਰਿਫਤਾਰੀ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਗ੍ਰਿਫ਼ਤਾਰ ਕੀਤੇ ਹਮਾਇਤੀਆਂ ਨੂੰ ਹਿਰਾਸਤ ’ਚ ਲੈ ਕੇ ਪੁੱਛ ਪੜਤਾਲ ਕਰ ਰਹੀ ਹੈ। ਦੂਜੇ ਪਾਸੇ ਪੁਲਿਸ ਦੀ ਕਾਰਵਾਈ ਤੋਂ ਖਫ਼ਾ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੇ ਹਮਾਇਤੀਆਂ ਨੇ ਸੂਬੇ ਭਰ ’ਚ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ, ਜਿਸ ਕਰ ਕੇ ਪੁਲਿਸ ਨੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਹਨ। ਧਾਰਮਿਕ ਸਥਾਨਾਂ ਤੇ ਮੁੱਖ ਬਾਜ਼ਾਰਾਂ ’ਚ ਵੀ ਚੌਕਸੀ ਵਧਾ ਦਿੱਤੀ ਗਈ ਹੈ।

ਉੱਥੇ ਹੀ ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਅੰਮ੍ਰਿਤਪਾਲ ਫਰਾਰ ਹੈ ਅਤੇ ਬਹੁਤ ਜਲਦ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਕੁੱਲ 78 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਦੂਜੇ ਪਾਸੇ ਅੰਮ੍ਰਿਤਪਾਲ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਭਾਈ ਅੰਮ੍ਰਿਤਪਾਲ ਦੇ ਫਰਾਰ ਹੋਣ ਦੀਆਂ ਝੂਠੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਈ ਅੰਮ੍ਰਿਤਪਾਲ ਨੂੰ ਕੱਲ ਦੁਪਹਿਰ ਕਰੀਬ ਤਿੰਨ ਵਜੇ ਦੇ ਕਰੀਬ ਸ਼ਾਹਕੋਟ ਥਾਣੇ ਤੋਂ ਪੁਲਿਸ ਲੈ ਕੇ ਗਈ ਹੈ। ਸਮੱਰਥਕਾਂ ਦਾ ਕਹਿਣਾ ਹੈ ਭਾਈ ਅੰਮ੍ਰਿਤਪਾਲ ਨੂੰ ਪੰਜਾਬ ਤੋਂ ਬਾਹਰ ਲਿਜਾਣ ਦੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਕਹਿਣਾ ਦਾ ਭਾਈ ਅੰਮ੍ਰਿਤਪਾਲ ਨੂੰ ਪੁਲਿਸ ਵੱਲੋਂ ਜਾਣ ਬੁੱਝ ਤੇ ਭਗੌੜਾ ਕਰਾਰ ਦੇ ਰਹੀ ਹੈ

 

ਦੂਜੇ ਬੰਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਹੈ ਕਿ ਪੁੱਤਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਨਹੀਂ,ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਸਾਡੇ ‘ਤੇ ਬੇਵਜ੍ਹਾ ਦਬਾਅ ਪਾ ਰਹੀ ਹੈ ਨਸ਼ੇ ਵਾਲਿਆਂ ਨੂੰ ਫੜ ਨਹੀਂ ਰਹੀ ਹੈ ਮੇਰਾ ਪੁੱਤਰ ਜਿਹੜਾ ਨਸ਼ੇ ਖਿਲਾਫ ਮੁਹਿੰਮ ਚੱਲਾ ਰਿਹਾ ਹੈ ਉਸ ਦੇ ਪਿੱਛੇ ਪਈ ਹੈ। ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਸਵੇਰੇ ਘਰੋਂ 7 ਵਜੇ ਨਿਕਲ ਗਏ ਸਨ ਉਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਫੋਨ ਨਹੀਂ ਆਇਆ ਹੈ। ਪੁਲਿਸ ਉਨ੍ਹਾਂ ਨੂੰ ਨਾਲ ਲੈ ਕੇ ਫਿਰ ਰਹੀ ਹੈ,ਇਹ ਸਾਰਾ ਇਸ ਲਈ ਹੋ ਰਿਹਾ ਹੈ ਕਿ ਕਿਉਂਕਿ ਨਸ਼ਾ ਵੇਚਣ ਵਾਲੇ ਸਿਆਸਤਦਾਨ ਨਹੀਂ ਚਾਹੁੰਦੇ ਹਨ ਕਿ ਅੰਮ੍ਰਿਤਪਾਲ ਸਿੰਘ ਲੋਕਾਂ ਨੂੰ ਨਸ਼ੇ ਤੋਂ ਮੁਕਤੀ ਦੇਵੇ। ਪਿਤਾ ਨੇ ਦੱਸਿਆ ਕਿ ਪੂਰੇ ਪਿੰਡ ਨੂੰ ਪੁਲਿਸ ਨੇ ਘੇਰਾ ਪਾਇਆ ਹੋਇਆ ਹੈ ਅਤੇ 4 ਘੰਟੇ ਤੱਕ ਪਿੰਡ ਦੀ ਤਲਾਸ਼ੀ ਲਈ ਗਈ ਹੈ।

ਅੰਮ੍ਰਿਤਪਾਲ ਸਿੰਘ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਦਰਮਿਆਨ ਮੋਹਾਲੀ ਦੇ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਸੋਹਾਣਾ ਕੋਲ ਏਅਰਪੋਰਟ ਰੋਡ ‘ਤੇ ਧਰਨਾ ਲਗਾਇਆ ਗਿਆ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਿਰੁੱਧ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਨਿਹੰਗ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ਹੈ। ਮੋਹਾਲੀ ਤੇ ਚੰਡੀਗੜ੍ਹ ਦੇ ਬਰਾਡਰ ਉਤੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਤੋਂ ਲੈ ਕੇ ਸੋਹਾਣਾ ਚੌਂਕ ਤੱਕ ਜਥੇਬੰਦੀਆਂ ਵੱਲੋਂ ਮਾਰਚ ਕੀਤਾ ਗਿਆ ਹੈ। ਇਸ ਤੋਂ ਬਾਅਦ ਸੋਹਾਣਾ ਚੌਂਕ ਉਤੇ ਧਰਨਾ ਲਗਾਇਆ ਗਿਆ।

ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਖਿਲਾਫ ਨਿਊਯਾਰਕ ਸਥਿਤ ਭਾਰਤੀ ਦੂਤਾਵਾਸ ਦੇ ਬਾਹਰ ਸਿੱਖ ਪ੍ਰਦਰਸ਼ਨ ਕਰਨਗੇ। ਕੈਨੇਡੀਅਨ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਟਿਮ ਐਸ ਉੱਪਲ ਨੇ ਕਿਹਾ ਕਿ ਉਹ ਪੰਜਾਬ ਤੋਂ ਆ ਰਹੀਆਂ ਰਿਪੋਰਟਾਂ ਤੋਂ ਚਿੰਤਤ ਹਨ। ਅਸੀਂ ਸਥਿਤੀ ‘ਤੇ ਨਜ਼ਰ ਰੱਖ ਰਹੇ ਹਾਂ।

ਪੁਲਿਸ ਨੇ ਵਾਰਿਸ ਪੰਜਾਬ ਦੇ ਖਿਲਾਫ਼ 4 ਕੇਸ ਦਰਜ ਕੀਤੇ ਹਨ । ਜਿਸ ਵਿੱਚ ਇੱਕ ਕੇਸ ਸਮਾਜ ਵਿੱਚ ਨਫਰਤ ਦੀ ਭਾਵਨਾ ਪੈਦਾ ਕਰਨ ਦਾ ਹੈ,ਦੂਜਾ ਕੇਸ ਕਤਲ ਦੀ ਕੋਸ਼ਿਸ਼, ਤੀਜਾ ਕੇਸ ਪੁਲਿਸ ਮੁਲਾਜ਼ਮਾ ‘ਤੇ ਹਮਲੇ ਦਾ ,ਚੌਥਾ ਕੇਸ ਪੁਲਿਸ ਦੇ ਕੰਮ ਵਿੱਚ ਰੁਕਾਵਤ ਪਾਉਣ ਅਤੇ ਡਿਊਟੀ ਨਾ ਕਰਨ ਦੇਣ ਦਾ ਹੈ। ਇਹ ਸਾਰੇ ਕੇਸ 24 ਫਰਵਰੀ ਨੂੰ ਅਜਨਾਲਾ ਹਿੰਸਾ ਨੂੰ ਲੈਕੇ FIR ਨੰਬਰ 39 ਅਧੀਨ ਦਰਜ ਕੀਤੇ ਗਏ ਹਨ ।