‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਸਾਲ 2023-24 ਲਈ ਸਾਲਾਨਾ ਬਜਟ ਪੇਸ਼ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਹਰਿਆਣਾ ਦੇ ਗੁਰਦੁਆਰਿਆਂ ਲਈ ਵੀ ਬਜਟ ਦਾ ਐਲਾਨ ਕੀਤਾ। ਹਰਿਆਣਾ ਵਿੱਚ ਸਥਿਤ ਗੁਰਦੁਆਰਾ ਸਾਹਿਬਾਨਾਂ ਦਾ ਕੁੱਲ ਬਜਟ 57 ਕਰੋੜ 11 ਲੱਖ ਰੁਪਏ ਰੱਖਿਆ ਗਿਆ ਹੈ।
ਗੁਰਚਰਨ ਸਿੰਘ ਗਰੇਵਾਲ ਨੇ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਬਾਰੇ ਬੋਲਦਿਆਂ ਕਿਹਾ ਕਿ ਹਰਿਆਣਾ ਦੀ ਗੁਰਦੁਆਰਾ ਕਮੇਟੀ ਨੇ ਆਪਣਾ ਬਜਟ ਪਾਸ ਕਰ ਦਿੱਤਾ। ਗਰੇਵਾਲ ਨੇ ਕਿਹਾ ਕਿ ਸਾਡਾ ਫ਼ਰਜ਼ ਬਣਦਾ ਸੀ, ਇਸ ਲਈ ਅਸੀਂ ਹਰਿਆਣੇ ਦਾ ਬਜਟ ਵੀ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ 8 ਗੁਰਦੁਆਰਾ ਸਾਹਿਬਾਨ ਹਨ। ਇਨ੍ਹਾਂ ਵਿੱਚੋਂ ਪਾਤਸ਼ਾਹੀ ਛੇਵੀਂ ਅਤੇ ਪਾਤਸ਼ਾਹੀ ਨੌਵੀਂ ਗੁਰਦੁਆਰਿਆਂ ਦਾ ਕੇਸ ਸੁਪਰੀਮ ਕੋਰਟ ਵਿੱਚ ਹੋਣ ਕਰਕੇ ਇਨ੍ਹਾਂ ਦਾ ਪ੍ਰਬੰਧ ਪਹਿਲਾਂ ਹੀ ਕਮੇਟੀ ਕੋਲ ਨਹੀਂ ਹੈ, ਹੁਣ ਹਰਿਆਣਾ ਸਰਕਾਰ ਵੱਲੋਂ ਗੁਰਦੁਆਰਾ ਐਕਟ ਦਾ ਉਲੰਘਣ ਕਰਕੇ ਗਲਤ ਢੰਗ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਸ਼ਹਿ ਉੱਤੇ ਇਸ ਕਮੇਟੀ ਨੇ ਹਰਿਆਣਾ ਦੇ ਸਾਰੇ ਸੈਕਸ਼ਨ 85 ਦੇ 8 ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਜ਼ਬਰੀ ਅਤੇ ਗੈਰ ਕਾਨੂੰਨੀ ਢੰਗ ਨਾਲ ਖੋਹ ਲਿਆ ਹੈ।