India

ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ NDTV ਤੋਂ ਦਿੱਤਾ ਅਸਤੀਫਾ

Senior journalist Ravish Kumar has resigned from NDTV.

ਨਵੀਂ ਦਿੱਲੀ : ਐਨਡੀਟੀਵੀ ਇੰਡੀਆ ਦੇ ਸੀਨੀਅਰ ਕਾਰਜਕਾਰੀ ਸੰਪਾਦਕ ਰਵੀਸ਼ ਕੁਮਾਰ ਨੇ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਐਨਡੀਟੀਵੀ (ਹਿੰਦੀ) ਦਾ ਜਾਣਿਆ ਪਹਿਚਾਣਿਆ ਚਿਹਰਾ ਸਨ ਅਤੇ ਲੋਕ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ।

ਸੰਸਥਾ ਦੇ ਸੀਨੀਅਰ ਸੰਪਾਦਕ ਦੇ ਅਸਤੀਫ਼ੇ ਬਾਰੇ ਐਨਡੀਟੀਵੀ ਗਰੁੱਪ ਦੀ ਚੇਅਰਪਰਸਨ ਸੁਪਰਨਾ ਸਿੰਘ ਨੇ ਕਿਹਾ ਕਿ ‘ਰਵੀਸ਼ ਕੁਮਾਰ ਵਰਗੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਪੱਤਰਕਾਰ ਬਹੁਤ ਘੱਟ ਹਨ। ਇਹ ਉਸ ਪ੍ਰਤੀ ਲੋਕਾਂ ਦੀ ਪ੍ਰਤੀਕਿਰਿਆ ਵਿੱਚ ਦਿਖਾਉਂਦਾ ਹੈ।’ ਸੁਪਰਨਾ ਸਿੰਘ ਨੇ ਮੀਡੀਆ ਸਮੂਹ ਨੂੰ ਭੇਜੀ ਇੱਕ ਅੰਦਰੂਨੀ ਈਮੇਲ ਵਿੱਚ ਕਿਹਾ, ‘ਰਵੀਸ਼ ਕੁਮਾਰ ਦਹਾਕਿਆਂ ਤੋਂ ਐਨਡੀਟੀਵੀ ਦਾ ਅਨਿੱਖੜਵਾਂ ਅੰਗ ਰਿਹਾ ਹੈ। ਉਸ ਦਾ ਯੋਗਦਾਨ ਬਹੁਤ ਵੱਡਾ ਰਿਹਾ ਹੈ ਅਤੇ ਅਸੀਂ ਜਾਣਦੇ ਹਾਂ ਕਿ ਉਹ ਆਪਣੀ ਨਵੀਂ ਪਾਰੀ ਵਿਚ ਵੀ ਬੇਹੱਦ ਸਫਲ ਰਹੇਗਾ।

ਪੱਤਰਕਾਰ ਜਗਤ ਵਿੱਚ ਰਵੀਸ਼ ਕੁਮਾਰ ਮਸ਼ਹੂਰ ਚਿਹਰਿਆਂ ਵਿੱਚ ਗਿਣਿਆ ਜਾਂਦਾ ਹੈ। ਰਵੀਸ਼ ਕੁਮਾਰ ਨੂੰ ਪੱਤਰਕਾਰੀ ਦੀ ਦੁਨੀਆ ਵਿੱਚ ਪਾਏ ਯੋਗਦਾਨ ਲਈ ਸਾਲ 2019 ਵਿੱਚ ਰੈਮਨ ਮੈਗਸੇਸੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਦੋ ਵਾਰ ਰਾਮਨਾਥ ਗੋਇਨਕਾ ਐਕਸੀਲੈਂਸ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।

ਹਿੰਦੀ ਪੱਤਰਕਾਰੀ ਦੇ ਬਹੁਤ ਮਸ਼ਹੂਰ ਪੱਤਰਕਾਰ ਰਵੀਸ਼ ਕੁਮਾਰ ਨੇ ਆਪਣੇ ਕਾਰਜਕਾਲ ਦੌਰਾਨ ਕਈ ਪ੍ਰੋਗਰਾਮਾਂ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਹਮ ਲੋਗ, ਰਵੀਸ਼ ਕੀ ਰਿਪੋਰਟ, ਦੇਸ਼ ਕੀ ਬਾਤ ਅਤੇ ਪ੍ਰਾਈਮ ਟਾਈਮ ਸ਼ਾਮਲ ਹਨ।

ਰਵੀਸ਼ ਕੁਮਾਰ ਆਪਣੀਆਂ ਰਿਪੋਰਟਾਂ ਵਿੱਚ ਉਹ ਬੇਰੁਜ਼ਗਾਰੀ, ਸਿੱਖਿਆ ਅਤੇ ਫਿਰਕਾਪ੍ਰਸਤੀ ਵਰਗੇ ਮੁੱਦੇ ਉਠਾਉਂਦੇ ਰਹੇ ਹਨ। ਅਖਬਾਰ ‘ਦ ਇੰਡੀਅਨ ਐਕਸਪ੍ਰੈਸ’ ਨੇ ਵੀ ਸਾਲ 2016 ਵਿੱਚ ਉਸ ਨੂੰ ‘100 ਸਭ ਤੋਂ ਪ੍ਰਭਾਵਸ਼ਾਲੀ ਭਾਰਤੀਆਂ’ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ।

ਇਸ ਤੋਂ ਪਹਿਲਾਂ NDTV ਦੇ ਕਾਰਜਕਾਰੀ ਸਹਿ-ਚੇਅਰਮੈਨ ਪ੍ਰਣਵ ਰਾਏ ਨੇ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕਈ ਦਿਨਾਂ ਤੋਂ ਰਵੀਸ਼ ਕੁਮਾਰ ਦੇ ਅਸਤੀਫੇ ਦੀਆਂ ਖਬਰਾਂ ਆ ਰਹੀਆਂ ਸਨ। ਹਾਲਾਂਕਿ ਬੁੱਧਵਾਰ ਨੂੰ ਉਨ੍ਹਾਂ ਨੇ ਅਧਿਕਾਰਤ ਤੌਰ ‘ਤੇ ਡਾਕ ਭੇਜ ਕੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ।