India Punjab

ਕੱਲ ਹੋਵੇਗਾ ਸੀਨੀਅਰ ਕਾਂਗਰਸੀ ਆਗੂ ਸੰਤੋਖ ਸਿੰਘ ਚੌਧਰੀ ਦਾ ਅੰਤਿਮ ਸੰਸਕਾਰ,ਵੱਖ ਵੱਖ ਰਾਜਨੀਤਕ ਆਗੂਆਂ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

ਜਲੰਧਰ : ਭਾਰਤ ਜੋੜੋ ਯਾਤਰਾ ਦੌਰਾਨ ਉੱਘੇ ਕਾਂਗਰਸੀ ਆਗੂ ਤੇ  ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਦਾ ਅਚਾਨਕ ਦਿਹਾਂਤ ਹੋਣ ਤੋਂ ਬਾਅਦ ਕੱਲ 11 ਵਜੇ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਵਿੱਚ ਕੀਤਾ ਜਾਵੇਗਾ।

18 ਜੂਨ 1946 ਨੂੰ ਪਿੰਡ ਧਾਲੀਵਾਲ ‘ਚ ਜਨਮੇ ਸੰਤੋਖ ਚੌਧਰੀ ਦਾ ਪਾਲਣ ਪੋਸ਼ਣ ਇਸੇ ਪਿੰਡ ਵਿੱਚ ਹੋਇਆ ਸੀ।76 ਸਾਲਾ ਕਾਂਗਰਸੀ ਆਗੂ ਦੀ ਮੌਤ ‘ਤੇ ਵੱਖ ਵੱਖ ਰਾਜਨੀਤਕ ਆਗੂਆਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

ਭਾਰਤ ਜੋੜੋ ਯਾਤਰਾ ਦੀ ਅਗਵਾਈ ਕਰ ਰਹੇ ਰਾਹੁਲ ਗਾਂਧੀ ਨੇ ਵੀ ਘਟਨਾ ਤੋਂ ਬਾਅਦ ਟਵੀਟ ਕੀਤਾ, ‘‘ਸੰਤੋਖ ਸਿੰਘ ਚੌਧਰੀ ਦੇ ਅਚਾਨਕ ਦੇਹਾਂਤ ਤੋਂ ਬਾਅਦ ਧੱਕਾ ਪਹੁੰਚਿਆ ਹੈ। ਉਹ ਜ਼ਮੀਨ ਨਾਲ ਜੁੜੇ ਮਿਹਨਤੀ ਆਗੂ ਸਨ। ਉਨ੍ਹਾਂ ਯੂਥ ਕਾਂਗਰਸ ਤੋਂ ਸੰਸਦ ਮੈਂਬਰ ਤੱਕ ਆਪਣੀ ਜ਼ਿੰਦਗੀ ਲੋਕਾਂ ਦੀ ਸੇਵਾ ਵਿੱਚ ਲਗਾਈ।’’

 

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੀਨੀਅਰ ਕਾਂਗਰਸੀ ਆਗੇ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਸੰਸਦ ਮੈਂਬਰ ਸ਼੍ਰੀ ਸੰਤੋਖ ਸਿੰਘ ਚੌਧਰੀ ਜੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਉਨ੍ਹਾਂ ਦੇ ਯਤਨਾਂ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਹਮਦਰਦੀ। ਓਮ ਸ਼ਾਂਤੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੀ ਮੌਤ ਉੱਤੇ ਦੁਖ ਜ਼ਾਹਿਰ ਕਰਦਿਆਂ ਟਵੀਟ ਕੀਤਾ। ਉਨ੍ਹਾਂ ਲਿਖਿਆ, ”ਕਾਂਗਰਸ ਦੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਜੀ ਦੀ ਬੇਵਕਤੀ ਮੌਤ ਦਾ ਬੇਹੱਦ ਦੁੱਖ ਹੋਇਆ। ਪਰਮਾਤਮਾ ਵਿੱਛੜੀ ਰੂਹ ਨੂੰ ਸਕੂਨ ਬਖ਼ਸ਼ੇ।’’

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ, ”ਸੰਤੋਖ ਸਿੰਘ ਚੌਧਰੀ ਦੇ ਅਚਾਨਕ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁਖ ਹੋਇਆ, ਉਨ੍ਹਾਂ ਦੇ ਪਰਿਵਾਾ ਨੂੰ ਦੁਖ ਝੱਲਣ ਦੀ ਤਾਕਤ ਮਿਲੇ।”

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਟਵੀਟ ਕੀਤਾ, ‘‘ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁਖ ਹੋਇਆ। ਉਨ੍ਹਾਂ ਦੀ ਆਤਮਾ ਨੂੰ ਵਾਹਿਗੁਰੂ ਸ਼ਾਂਤੀ ਦੇਣ।’’

ਇਹਨਾਂ ਤੋਂ ਇਲਾਵਾ ਹੋਰ ਵੀ ਕਈ ਰਾਜਸੀ ਆਗੂਆਂ ਨੇ ਵੀ ਸੀਨੀਅਰ ਆਗੂ ਦੀ ਮੌਤ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੁੱਖਦ ਘਟਨਾ ਬਾਰੇ ਆਪਣੇ ਟਵਿੱਟਰ  ਅਕਾਊਂਟ ਤੋਂ ਜਾਣਕਾਰੀ ਦਿੰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਨੇ ਵੀ ਦੁੱਖ ਸਾਂਝਾ ਕੀਤਾ ਹੈ।

ਪੇਸ਼ੇ ਵੱਜੋਂ ਵਕੀਲ ਅਤੇ ਬਿਜਨਸਮੈਨ ਰਹੇ ਸੰਤੋਖ ਚੌਧਰੀ ਕਾਂਗਰਸ ਦੇ ਸੀਨੀਅਰ ਆਗੂ ਸਨ ਤੇ ਉਹ ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ  ਤੇ ਕ੍ਰਮਵਾਰ 2 ਵਾਰ 16ਵੀਂ ਤੇ 17ਵੀਂ ਲੋਕ ਸਭਾ ਮੈਂਬਰ ਪਾਰਲੀਮੈਂਟ ਵੀ ਰਹੇ ਸਨ ਤੇ ਆਪਣੀ ਮੌਤ ਦੇ ਸਮੇਂ ਉਹ ਜਲੰਧਰ ਲੋਕ ਸਭਾ ਸੀਟ ਤੋਂ ਮੈਂਬਰ ਪਾਰਲੀਮੈਂਟ ਸਨ।ਉਨ੍ਹਾਂ ਨੇ ਆਪਣੇ ਰਾਜਨੀਤੀ ਸਫ਼ਰ ਦੀ ਸ਼ੁਰੂਆਤ 1978 ਵਿੱਚ ਕੀਤੀ ਸੀ, ਜਦੋਂ ਉਹ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਸਨ।