Punjab

ਖ਼ੁਦ ਨੂੰ ਗੁਰੂ ਦੱਸਣ ਵਾਲੇ ਪਾਖੰਡੀ ਨੂੰ ਪੁਲਿਸ ਨੇ ਕੀਤਾ ਕਾਬੂ, ਠੱਗੀਆਂ ਮਾਰਕੇ ਬਣਾ ਚੁੱਕਾ ਕਰੋੜਾਂ ਦੀ ਜਾਇਦਾਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਦੇ ਪਿੰਡ ਬਲਰਾ ਵਿੱਚ ਖੁਦ ਨੂੰ ਗੁਰੂ ਦੱਸਣ ਵਾਲੇ ਸ਼ਖਸ ਮਲਕੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਲਕੀਤ ਸਿੰਘ ਯੂ-ਟਿਊਬ ਚੈਨਲ ‘ਤੇ ਖੁਦ ਨੂੰ ਗੁਰੂ ਦੱਸਦਾ ਸੀ। ਉਸਨੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਕਰੋੜਾਂ ਦੀ ਜਾਇਦਾਦ ਬਣਾ ਲਈ ਸੀ। ਮਲਕੀਤ ਸਿੰਘ ਆਪਣੇ-ਆਪ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੱਸਦਾ ਸੀ ਅਤੇ ਆਪਣੇ ਬੱਚਿਆਂ ਨੂੰ ਚਾਰ ਸਾਹਿਬਜ਼ਾਦੇ ਦੱਸਦਾ ਸੀ।

ਸੰਗਰੂਰ ਪੁਲਿਸ ਨੇ ਕਈ ਧਾਰਾਵਾਂ ਤਹਿਤ ਮਲਕੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਜੇਕਰ ਕੋਈ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਹ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਮਲਕੀਤ ਸਿੰਘ ਦੀ ਘਰਵਾਲੀ ਵੀ ਉਸਨੂੰ ਸਮਝਾਉਂਦੀ ਸੀ ਪਰ ਉਹ ਉਸਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੰਦਾ ਸੀ, ਜਿਸ ਕਰਕੇ ਉਹ ਆਪਣੇ ਬੱਚਿਆਂ ਸਮੇਤ ਇਸ ਤੋਂ ਅਲੱਗ ਰਹਿੰਦੀ ਸੀ। ਉਸਦੀ ਪਤਨੀ ਨੇ ਮਲਕੀਤ ਸਿੰਘ ‘ਤੇ ਲੜਕੀਆਂ ਦਾ ਸ਼ੋਸ਼ਣ ਕਰਨ ਦੇ ਇਲਜ਼ਾਮ ਵੀ ਲਾਏ।