Punjab

ਕੌਣ ਬਣੇਗਾ ਸ਼ਿਰੋਮਣੀ ਕਮੇਟੀ ਦਾ ਪ੍ਰਧਾਨ, 29 ਨਵੰਬਰ ਨੂੰ ਬੋਲੇਗੀ ਪਰਚੀ

‘ਦ ਖ਼ਾਲਸ ਟੀਵੀ ਬਿਊਰੋ:-ਸ਼ਿਰੋਮਣੀ ਕਮੇਟੀ ਦੇ ਪ੍ਰਧਾਨ ਸਣੇ ਦੂਜੇ ਅਹੁਦੇਦਾਰਾਂ ਦੀ ਚੋਣ 29 ਨਵੰਬਰ ਨੂੰ ਹੋਵੇਗੀ। ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜਨਰਲ ਇਜਲਾਸ ਵੀ ਸੱਦ ਲਿਆ ਗਿਆ ਹੈ। ਜਨਰਲ ਇਜਲਾਸ ਦੌਰਾਨ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਸਣੇ ਕਾਰਜਕਾਰਨੀ ਦੀ ਚੋਣ ਕੀਤੀ ਜਾਵੇਗੀ। ਕਮੇਟੀ ਦੀ ਅੰਤ੍ਰਿਮ ਕਮੇਟੀ ਨੇ ਅੱਜ ਫੈਸਲੇ ਉੱਤੇ ਮੋਹਰ ਲਾ ਦਿੱਤੀ ਹੈ। ਇਸ ਵੇਲੇ ਸ਼ਿਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਾਗੀਰ ਕੌਰ ਹਨ ਅਤੇ ਉਨ੍ਹਾਂ ਦੇ ਅਹੁਦੇ ਦੀ ਮਿਆਦ ਇਸੇ ਮਹੀਨੇ ਖਤਮ ਹੋ ਰਹੀ ਹੈ।

ਕਮੇਟੀ ਦੇ ਅਹੁਦੇਦਾਰਾਂ ਲਈ ਚੋਣ ਲਈ ਚਾਹੇ ਹਰ ਸਾਲ ਜਨਰਲ ਇਜਲਾਸ ਸੱਦਿਆ ਜਾਂਦਾ ਹੈ, ਪਰ ਅਹੁਦੇਦਾਰਾਂ ਦੇ ਨਾਂਵਾਂ ਦਾ ਲਿਫਾਫਾ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਬੋਝੇ ਵਿੱਚੋਂ ਨਿਕਲਦਾ ਰਿਹਾ ਹੈ। ਸ਼ਿਰੋਮਣੀ ਕਮੇਟੀ ਵਿਚ ਅਕਾਲੀ ਦਲ ਬਾਦਲ ਨੂੰ ਬਹੁਮਤ ਪ੍ਰਾਪਤ ਹੈ, ਇਸ ਕਰਕੇ ਜਨਰਲ ਨੂੰ ਰਬੜ ਦੀ ਮੋਹਰ ਤਰ੍ਹਾਂ ਵਰਤਿਆ ਜਾਂਦਾ ਰਿਹਾ ਹੈ।

ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ 21 ਦਿਨ ਪਹਿਲਾਂ ਐਲਾਨ ਕਰਨਾ ਜ਼ਰੂਰੀ ਹੁੰਦਾ ਹੈ। ਇਸ ਵਾਰ 29 ਨਵੰਬਰ ਨੂੰ ਜਨਰਲ ਹਾਊਸ ਦੌਰਾਨ ਇਹ ਚੋਣ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ਵਿੱਚ ਲਏ ਹੋਰ ਫੈਸਲਿਆਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਰਨਤਾਰਨ ਵਿਖੇ 200 ਲੜਕੀਆਂ ਨੂੰ ਮੁਫ਼ਤ ਵਿਦਿਆ ਦੇਣ ਲਈ ਕੇਂਦਰ ਖੋਲ੍ਹਣਾ ਸ਼ਾਮਿਲ ਹੈ। ਇਸ ਕੇਂਦਰ ‘ਚ ਮਾਝਾ ਖੇਤਰ ਦੀਆਂ ਲੋੜਵੰਦ ਅਤੇ ਹੁਸ਼ਿਆਰ ਸਿੱਖ ਲੜਕੀਆਂ ਨੂੰ ਦਾਖ਼ਲਾ ਦਿੱਤਾ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਦੁਆਬਾ ਖੇਤਰ ਵਿਚ ਮਾਤਾ ਗੁਜਰੀ ਜੀ ਕਾਲਜ ਕਰਤਾਰਪੁਰ ਵਿਖੇ 200 ਬੱਚੀਆਂ ਨੂੰ ਮੁਫ਼ਤ ਪੜ੍ਹਾਈ ਕਰਵਾਈ ਜਾਵੇਗੀ।

ਇਕ ਹੋਰ ਫੈਸਲੇ ਅਨੁਸਾਰ ਸਿੱਖ ਸੰਸਥਾ ਵੱਲੋਂ ਕੈਨੇਡਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਲਈ ਪ੍ਰਿੰਟਿੰਗ ਪ੍ਰੈੱਸ ਜਲਦ ਸਥਾਪਤ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਕੈਨੇਡਾ ਭੇਜੇ ਗਏ ਵਫ਼ਦ ਨੇ ਆਪਣੀ ਰਿਪੋਰਟ ਦਿੱਤੀ ਹੈ, ਜਿਸ ਅਨੁਸਾਰ ਜਲਦ ਹੀ ਪ੍ਰੈੱਸ ਲਗਾਉਣ ਲਈ ਅਮਲ ਆਰੰਭਿਆ ਜਾਵੇਗਾ। ਕੈਨੇਡਾ ਵਿਚ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ 70 ਤੋਂ ਜ਼ਿਆਦਾ ਗੁਰਦੁਆਰਾ ਕਮੇਟੀਆਂ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ਦੀ ਹਰ ਰਾਇ ਨੂੰ ਵਾਚਣ ਉਪਰੰਤ ਪ੍ਰੈੱਸ ਲਗਾਉਣ ਲਈ ਸਥਾਨ ਨਿਰਧਾਰਤ ਕੀਤਾ ਜਾਵੇਗਾ। ਕਮੇਟੀ ਨੇ ਅੱਜ ਦੀ ਮੀਟਿੰਗ ਦੌਰਾਨ ਟਿਕਰੀ ਬਾਰਡਰ ਵਿਖੇ ਬੀਤੇ ਦਿਨੀ ਟਿੱਪਰ ਹੇਠ ਆ ਕੇ ਚਲਾਣਾ ਕਰ ਗਈਆਂ ਤਿੰਨ ਕਿਸਾਨ ਬੀਬੀਆਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦੇਣ ਦਾ ਫੈਸਲਾ ਲਿਆ ਹੈ। ਇਸੇ ਤਰ੍ਹਾਂ ਜ਼ਖ਼ਮੀਆਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਦੀ ਮਦਦ ਕੀਤੀ ਜਾਵੇਗੀ।