India

ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਵੇਖ ਦੁਖੀ ਹੋਏ ਸੋਨੂੰ ਸੂਦ, ਕਹੀ ਇਹ ਵੱਡੀ ਗੱਲ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਦੇ ਤਿੰਨ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ  ਮਾੜੀ ਹਾਲਤ ਨੂੰ ਵੇਖ ਬਾਲੀਵੁੱਡ ਕਲਾਕਾਰ ਸੋਨੂੰ ਸੂਦ ਨੇ ਕਿਸਾਨਾਂ ਲਈ ਦੁੱਖ ਜ਼ਾਹਿਰ ਕੀਤਾ ਹੈ ਅਤੇ ਇਸਦੇ ਨਾਲ ਹੀ ਸੋਨੂੰ ਸੂਦ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਦੀ ਉਮੀਦ ਕੀਤੀ ਹੈ।

ਹਰਿਆਣਾ, ਪੰਜਾਬ ਅਤੇ ਹੋਰ ਰਾਜਾਂ ਦੇ ਹਜ਼ਾਰਾਂ ਕਿਸਾਨ ਦਿੱਲੀ ਸਰਹੱਦ ‘ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਕਿਸਾਨਾਂ ਨੂੰ ਡਰ ਹੈ ਕਿ ਇਹ ਘੱਟੋ – ਘੱਟ ਸਮਰਥਨ ਮੁੱਲ ਪ੍ਰਣਾਲੀ ਨੂੰ ਖਤਮ ਕਰ ਦੇਵੇਗਾ ਅਤੇ ਉਨ੍ਹਾਂ ਉੱਤੇ ਵੱਡੇ ਕਾਰਪੋਰੇਟ ਦਾ ਨਿਯੰਤਰਣ ਹੋ ਜਾਵੇਗਾ।

ਇਸ ਸਾਲ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਪ੍ਰਵਾਸੀ ਕਾਮਿਆਂ ਦੀ ਸਹਾਇਤਾ ਲਈ ਕੀਤੇ ਗਏ ਯਤਨਾਂ ਲਈ ਸੋਨੂੰ ਸੂਦ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ। ਅਭਿਨੇਤਾ ਨੇ ਕਿਹਾ ਕਿ ਉਹ ਇਸ ਬਾਰੇ ਬਹਿਸ ਨਹੀਂ ਕਰਨਾ ਚਾਹੁੰਦੇ ਕਿ ਕੌਣ ਸਹੀ ਹੈ ਜਾਂ ਕੌਣ ਗਲਤ ਹੈ, ਬਲਕਿ ਉਹ ਸਿਰਫ ਇਹੀ ਚਾਹੁੰਦੇ ਹਨ ਕਿ ਸਮੇਂ ਸਿਰ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ।

ਦੱਸਣਯੋਗ ਹੈ ਕਿ ਪਿਛਲੇ 24 ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਵੱਖ – ਵੱਖ ਸਰਹੱਦਾਂ ‘ਤੇ ਅੰਦੋਲਨ ਕਰ ਰਹੇ ਹਨ। ਸਰਕਾਰ ਦੇ ਨਾਲ-ਨਾਲ ਹੁਣ ਅਦਾਲਤ ਵੀ ਕੋਈ ਹੱਲ ਲੱਭਣ ‘ਤੇ ਜ਼ੋਰ ਦੇ ਰਹੀ ਹੈ। ਦੂਜੇ ਪਾਸੇ, ਆਲ ਇੰਡੀਆ ਕਿਸਾਨ ਸਭਾ (ਏ.ਆਈ.ਕੇ.ਐੱਸ.) ਨੇ ਕੱਲ੍ਹ 18 ਦਸੰਬਰ ਨੂੰ ਕਿਹਾ ਕਿ ਸਰਕਾਰ ਨੂੰ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦਾ ਹੱਲ ਲੱਭਣ ਦੀ ਲੋੜ ਹੈ, ਨਾ ਕਿ ਸੁਪਰੀਮ ਕੋਰਟ ਨੂੰ।