ਬਿਉਰੋ ਰਿਪੋਰਟ: ਸੀਆਰਪੀਐਫ ਦੇ ਜਵਾਨਾਂ ਨੇ ਅੱਜ ਸੋਮਵਾਰ ਨੂੰ ਮਣੀਪੁਰ ਦੇ ਜਿਰੀਬਾਮ ਜ਼ਿਲ੍ਹੇ ਵਿੱਚ ਇੱਕ ਮੁਕਾਬਲੇ ’ਚ 11 ਕੁਕੀ ਬਾਗ਼ੀਆਂ ਨੂੰ ਮਾਰ ਦਿੱਤਾ। ਇਹ ਘਟਨਾ ਬੋਰੋਬੇਕੇਰਾ ਦੇ ਜੈਕੁਰਾਡੋਰ ਕਾਰੋਂਗ ਇਲਾਕੇ ’ਚ ਦੁਪਹਿਰ 2.30 ਵਜੇ ਵਾਪਰੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਬਾਗ਼ੀਆਂ ਨੇ ਇੱਥੋਂ ਦੇ ਪੁਲਿਸ ਸਟੇਸ਼ਨ ਅਤੇ ਸੀਆਰਪੀਐਫ ਚੌਕੀ ’ਤੇ ਹਮਲਾ ਕੀਤਾ ਸੀ। ਜਾਣਕਾਰੀ ਮੁਤਾਬਕ ਜਵਾਬੀ ਕਾਰਵਾਈ ਦੌਰਾਨ ਇੱਕ ਸੀਆਰਪੀਐਫ ਜਵਾਨ ਜ਼ਖ਼ਮੀ ਹੋ ਗਿਆ, ਉਸ ਦਾ ਆਸਾਮ ਦੇ ਸਿਲਚਰ ਵਿੱਚ ਇਲਾਜ ਚੱਲ ਰਿਹਾ ਹੈ। ਇਹ ਇਲਾਕਾ ਅਸਾਮ ਦੀ ਸਰਹੱਦ ਨਾਲ ਲੱਗਦਾ ਹੈ।
ਪੁਲਿਸ ਸਟੇਸ਼ਨ ਦੇ ਕੋਲ ਮਨੀਪੁਰ ਹਿੰਸਾ ਤੋਂ ਬੇਘਰ ਹੋਏ ਲੋਕਾਂ ਲਈ ਇੱਕ ਰਾਹਤ ਕੈਂਪ ਹੈ। ਇੱਥੇ ਰਹਿਣ ਵਾਲੇ ਲੋਕ ਕੂਕੀ ਬਾਗ਼ੀਆਂ ਦੇ ਨਿਸ਼ਾਨੇ ’ਤੇ ਹਨ। ਡੇਰੇ ’ਤੇ ਪਹਿਲਾਂ ਵੀ ਹਮਲਾ ਹੋ ਚੁੱਕਾ ਹੈ। ਸਾਵਧਾਨੀ ਦੇ ਤੌਰ ’ਤੇ ਇਸ ਖੇਤਰ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਅਗਲੇ ਹੁਕਮਾਂ ਤੱਕ ਕਰਫਿਊ ਲਗਾ ਦਿੱਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਬਾਗ਼ੀਆਂ ਨੇ ਫ਼ੌਜੀਆਂ ਵਾਂਗ ਵਰਦੀਆਂ ਪਾਈਆਂ ਹੋਈਆਂ ਸਨ। ਇਨ੍ਹਾਂ ਕੋਲੋਂ 3 ਏਕੇ ਰਾਈਫਲਾਂ, 4 ਐਸਐਲਆਰ, 2 ਇੰਸਾਸ ਰਾਈਫਲਾਂ, ਇਕ ਆਰਪੀਜੀ, 1 ਪੰਪ ਐਕਸ਼ਨ ਗੰਨ, ਬੀਪੀ ਹੈਲਮੇਟ ਅਤੇ ਮੈਗਜ਼ੀਨ ਬਰਾਮਦ ਹੋਏ ਹਨ।
ਸੂਤਰਾਂ ਨੇ ਦੱਸਿਆ ਕਿ ਪੁਲਿਸ ਸਟੇਸ਼ਨ ’ਤੇ ਹਮਲਾ ਕਰਨ ਤੋਂ ਬਾਅਦ ਬਾਗ਼ੀ ਥਾਣੇ ਤੋਂ ਇੱਕ ਕਿਲੋਮੀਟਰ ਦੂਰ ਜੈਕੁਰਾਡੋਰ ਕਾਰੋਂਗ ’ਚ ਇਕ ਛੋਟੀ ਜਿਹੀ ਬਸਤੀ ਵੱਲ ਭੱਜੇ ਅਤੇ ਘਰਾਂ ਨੂੰ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਹ ਸੁਰੱਖਿਆ ਬਲਾਂ ’ਤੇ ਗੋਲ਼ੀਬਾਰੀ ਕਰਦੇ ਰਹੇ। ਇਸ ਦੌਰਾਨ 5 ਲੋਕ ਲਾਪਤਾ ਦੱਸੇ ਜਾ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਉਨ੍ਹਾਂ ਨੂੰ ਅਗਵਾਹ ਕਰ ਲਿਆ ਹੈ।
ਅੱਜ ਸੋਮਵਾਰ ਨੂੰ ਹੀ ਮਨੀਪੁਰ ਦੇ ਯਾਂਗਾਂਗਪੋਕਪੀ ਸ਼ਾਂਤੀਖੋਂਗਬਨ ਇਲਾਕੇ ’ਚ ਖੇਤਾਂ ’ਚ ਕੰਮ ਕਰ ਰਹੇ ਇਕ ਕਿਸਾਨ ’ਤੇ ਬਾਗ਼ੀਆਂ ਨੇ ਪਹਾੜੀ ਤੋਂ ਗੋਲ਼ੀਬਾਰੀ ਕੀਤੀ। ਇਸ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕਈ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ। ਪੁਲਸ ਨੇ ਦੱਸਿਆ ਕਿ ਇਸ ਖੇਤਰ ’ਚ ਬਾਗ਼ੀ ਲਗਾਤਾਰ ਤਿੰਨ ਦਿਨਾਂ ਤੋਂ ਪਹਾੜੀਆਂ ਤੋਂ ਹੇਠਲੇ ਇਲਾਕਿਆਂ ’ਚ ਗੋਲੀਬਾਰੀ ਕਰ ਰਹੇ ਹਨ। ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਇੱਥੇ ਝੋਨੇ ਦੀ ਫ਼ਸਲ ਦੀ ਕਟਾਈ ਚੱਲ ਰਹੀ ਹੈ। ਹਮਲਿਆਂ ਕਾਰਨ ਕਿਸਾਨ ਖੇਤਾਂ ਵਿੱਚ ਜਾਣ ਤੋਂ ਡਰ ਰਹੇ ਹਨ।