ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਹਿਰਾਸਤ ਵਿੱਚ ਲਏ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ,ਜਿਹਨਾਂ ਨੇ ਪਾਕਿਸਤਾਨ ਦੀ ਰਾਜਨੀਤੀ ਵਿੱਚ ਭੂਚਾਲ ਲੈ ਆਉਂਦਾ ਹੈ।ਆਈਜੀ ਇਸਲਾਮਾਬਾਦ ਨੇ ਵੀ ਇੱਕ ਟਵੀਟ ਰਾਹੀਂ ਇਸ ਗ੍ਰਿਫ਼ਤਾਰੀ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਹਨਾਂ ਲਿਖਿਆ ਹੈ ਕਿ ਇਮਰਾਨ ਖਾਨ ਨੂੰ ਕਾਦਿਰ ਟਰੱਸਟ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ।ਹਾਲਾਤ ਆਮ ਹਨ। ਇਸ ਦੌਰਾਨ ਧਾਰਾ 144 ਲਾਗੂ ਵੀ ਲਾਗੂ ਕਰ ਦਿੱਤੀ ਗਈ ਹੈ ਅਤੇ ਉਲੰਘਣਾ ਕਰਨ ‘ਤੇ ਕਾਰਵਾਈ ਕੀਤੀ ਜਾਵੇਗੀ।ਹਾਲਾਂਕਿ ਸੜਕਾਂ ‘ਤੇ ਲੋਕ ਵਿਰੋਧ ਵਜੋਂ ਉਤਰ ਆਏ ਹਨ ਤੇ ਪ੍ਰਦਰਸ਼ਨ ਕਰ ਰਹੇ ਹਨ।
ਇੰਝ ਜਾਪ ਰਿਹਾ ਹੈ ਕਿ ਖਾਨ ਨੂੰ ਪਹਿਲਾਂ ਤੋਂ ਹੀ ਆਪਣੀ ਗ੍ਰਿਫਤਾਰੀ ਦਾ ਇਲਮ ਸੀ। ਉਹਨਾਂ ਦੀ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਖਾਨ ਨੂੰ ਆਪਣੇ ਆਪ ਨੂੰ ਬੇਕਸੂਰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ । ਪਾਕਿਸਤਾਨ ਦੇ ਇੱਕ ਪੱਤਰਕਾਰ ਇਹਤਿਸ਼ਾਮ ਉਲ ਹੱਕ ਅਤੇ ਖ਼ਬਰ ਏਜੰਸੀ ਪੀਟੀਆਈ ਦੇ ਟਵਿਟਰ ਅਕਾਊਂਟ ਤੋਂ ਪਾਈ ਗਈ ਇੱਕ ਵੀਡੀਓ ਵਿੱਚ ਇਮਰਾਨ ਖਾਨ ਨੇ ਆਪਣੇ ਆਪ ਨੂੰ ਬੇਕਸੂਰ ਦੱਸਦੇ ਹੋਏ ਆਪਣੇ ਮੁਲਕ ਦੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਸ਼ਾਇਦ ਇਸ ਤੋਂ ਬਾਅਦ ਉਹਨਾਂ ਨੂੰ ਜਨਤਾ ਅੱਗੇ ਆਪਣਾ ਪੱਖ ਰੱਖਣ ਦਾ ਮੌਕਾ ਨਾ ਮਿਲੇ।ਉਹਨਾਂ ਨੂੰ ਇੱਕ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ,ਜਿਸ ਤੋਂ ਇਹ ਸਾਬਿਤ ਹੋ ਰਿਹਾ ਹੈ ਕਿ ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ।
ਉਹਨਾਂ ਇਹ ਵੀ ਕਿਹਾ ਹੈ ਕਿ ਪਿਛਲੇ 50 ਸਾਲਾਂ ਤੋਂ ਪਾਕਿਸਤਾਨ ਦੇ ਲੋਕ ਉਹਨਾਂ ਨੂੰ ਜਾਣਦੇ ਹਨ ਤੇ ਇਸ ਅਰਸੇ ਦੌਰਾਨ ਉਹਨਾਂ ਨੇ ਕੋਈ ਵੀ ਕਾਨੂੰਨ ਨਹੀਂ ਤੋੜਿਆ ਹੈ। ਅੱਜ ਜੋ ਵੀ ਹੋ ਰਿਹਾ ਹੈ,ਉਹ ਇਸ ਲਈ ਹੋ ਰਿਹਾ ਹੈ ਕਿਉਂਕਿ ਉਹਨਾਂ ਹਕੀਕੀ ਆਜ਼ਾਦੀ ਦੀ ਗੱਲ ਕੀਤੀ ਹੈ ਤੇ ਮੌਜੂਦਾ ਸਮੇਂ ਵਿੱਚ ਪਾਕਿਸਤਾਨੀ ਜਨਤਾ ‘ਤੇ ਥੋਪੀ ਗਈ ਇਹ ਹਕੂਮਤ ਉਹਨਾਂ ਨੂੰ ਆਪਣਾ ਗੁਲਾਮ ਬਣਾਉਣਾ ਚਾਹੁੰਦੀ ਹੈ।ਉਹਨਾਂ ਪਾਕਿਸਤਾਨ ਦੀ ਜਨਤਾ ਨੂੰ ਆਪਣੇ ਹੱਕਾਂ ਤੇ ਆਜ਼ਾਦੀ ਲਈ ਲੜਨ ਦੀ ਅਪੀਲ ਵੀ ਕੀਤੀ ਹੈ।
ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਦੀ ਗ੍ਰਿਫ਼ਤਾਰੀ ‘ਤੇ ਵੱਡੀ ਪ੍ਰਤੀਕ੍ਰਿਆ ਦਿੱਤੀ ਹੈ। ਆਪਣੇ ਟਵੀਟ ਵਿੱਚ ਉਹਨਾਂ ਇਮਰਾਨ ਖਾਨ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਦੀ ਰਾਜਨੀਤੀ ਨੂੰ ਝੂਠ ਤੇ ਸੰਸਥਾਵਾਂ ‘ਤੇ ਘਾਤਕ ਹਮਲੇ ਕਰਨ ਵਾਲੀ ਦੱਸਿਆ ਹੈ। ਉਹਨਾਂ ਇਹ ਵੀ ਲਿਖਿਆ ਹੈ ਕਿ ਮੈਂ ਆਪਣੇ ਟਵੀਟ ਵਿੱਚ ਤੁਹਾਡੇ ਬਾਰੇ ਜੋ ਕਿਹਾ ਹੈ, ਉਹ ਪਿਛਲੇ ਕੁਝ ਸਾਲਾਂ ਦੇ ਤੱਥਾਂ ਦੁਆਰਾ ਸਥਾਪਤ ਹੈ।
ਇਸ ਤੋਂ ਇਲਾਵਾ ਉਹਨਾਂ ਕੁੱਝ ਸਵਾਲ ਵੀ ਸਾਬਕਾ ਪ੍ਰਧਾਨ ਮੰਤਰੀ ਨੂੰ ਕੀਤੇ ਹਨ ਤੇ ਉਹਨਾਂ ‘ਤੇ ਪਾਕਿਸਤਾਨੀ ਫੌਜ ਨੂੰ ਬਦਨਾਮ ਕਰਨ ਦਾ ਇਲਜ਼ਾਮ ਲਾਇਆ ਹੈ ਤੇ ਸਵਾਲ ਕੀਤਾ ਹੈ ਕਿ ਕੀ ਉਹਨਾਂ ਨੇ ਵਜ਼ੀਰਾਬਾਦ ਹਮਲੇ ਤੋਂ ਬਹੁਤ ਪਹਿਲਾਂ ਫੌਜ ਅਤੇ ਖੁਫੀਆ ਏਜੰਸੀ ਦੀ ਲੀਡਰਸ਼ਿਪ ‘ਤੇ ਲਗਾਤਾਰ ਚਿੱਕੜ ਉਛਾਲਣ ਦਾ ਸਹਾਰਾ ਨਹੀਂ ਲਿਆ ਸੀ?
ਇਸ ਤੋਂ ਇਲਾਵਾ ਹਰ ਰੋਜ਼ ਧਮਕੀਆਂ ਦੇਣ ਅਤੇ ਬੇਬੁਨਿਆਦ ਦੋਸ਼ ਲਗਾਉਣ ਦਾ ਇਲਜ਼ਾਮ ਵੀ ਉਹਨਾਂ ਖਾਨ ‘ਤੇ ਲਗਾਇਆ ਹੈ। ਪ੍ਰਧਾਨ ਮੰਤਰੀ ਸ਼ਹਿਬਾਜ਼ ਨੇ ਖਾਨ ਵੱਲੋਂ ਹੈਲੀਕਾਪਟਰ ਦੁਰਘਟਨਾ ਤੋਂ ਬਾਅਦ ਹਥਿਆਰਬੰਦ ਸੈਨਾਵਾਂ ਦੇ ਸ਼ਹੀਦਾਂ ਵਿਰੁੱਧ ਸੋਸ਼ਲ ਮੀਡੀਆ ‘ਤੇ ਭੜਕਾਊ ਮੁਹਿੰਮ ਚਲਾਉਣ ਦੀ ਵੀ ਗੱਲ ਕੀਤੀ ਹੈ।ਇਸ ਤੋਂ ਇਲਾਵਾ ਰਾਜਨੀਤਿਕ ਅੰਦੋਲਨ ਨੂੰ ਧਾਰਮਿਕ ਸ਼ਬਦਾਂ ਵਿੱਚ ਬਿਆਨ ਕਰ ਕੇ ਰਾਜਨੀਤਿਕ ਉਦੇਸ਼ਾਂ ਲਈ ਧਰਮ ਦੀ ਵਰਤੋਂ ਕਰਨ ਵਰਗੇ ਸੰਗੀਨ ਇਲਜ਼ਾਮ ਵੀ ਉਹਨਾਂ ਸਾਬਕਾ ਪ੍ਰਧਾਨ ਮੰਤਰੀ ‘ਤੇ ਲਾਏ ਹਨ।