ਬਿਹਾਰ ਦੇ ਪੰਜ ਜ਼ਿਲ੍ਹਿਆਂ ਵਿਚ ਰਾਮ ਨੌਮੀ ਦੀ ਸ਼ੋਭਾ ਯਾਤਰਾ ਮੌਕੇ ਹਿੰਸਕ ਝੜਪ ਹੋਈ ਹੈ। ਇਸ ਸਬੰਧੀ ਹਾਲੇ ਵੀ ਬਿਹਾਰ ਵਿਚ ਤਣਾਅ ਹੈ ਤੇ ਪੁਲੀਸ ਨੇ ਨਾਲੰਦਾ, ਸਾਸਾਰਾਮ ਤੇ ਬਿਹਾਰ ਸ਼ਰੀਫ ਵਿਚੋਂ ਸੌ ਤੋਂ ਵਧ ਜਣਿਆਂ ਨੂੰ ਹਿਰਾਸਤ ਵਿਚ ਲਿਆ ਹੈ ਤੇ ਬਿਹਾਰਸ਼ਰੀਫ ਵਿਚ ਧਾਰਾ 144 ਲਾ ਦਿੱਤੀ ਹੈ।
ਬਿਹਾਰ ਹਿੰਸਾ ਮਾਮਲੇ ਵਿਚ ਕੇਂਦਰੀ ਮੰਤਰੀ ਗਿਰੀਰਾਜ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਅਸਤੀਫਾ ਮੰਗਿਆ ਹੈ। ਦੂਜੇ ਪਾਸੇ ਆਰਜੇਡੀ ਨੇ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੂਬੇ ਦੀ ਨਹੀਂ ਬਲਕਿ 40 ਲੋਕ ਸਭਾ ਸੀਟਾਂ ਦਾ ਫਿਕਰ ਹੈ।
ਬਿਹਾਰ ਦੇ ਸਾਸਾਰਾਮ ਅਤੇ ਬਿਹਾਰਸ਼ਰੀਫ ਸ਼ਹਿਰਾਂ ਵਿੱਚ ਰਾਮ ਨੌਮੀ ਮੌਕੇ ਹਿੰਸਾ ਭੜਕ ਗਈ। ਸ਼ਨੀਵਾਰ ਤੱਕ ਬਿਹਾਰ ਪੁਲਿਸ ਨੇ ਦੋਵਾਂ ਸ਼ਹਿਰਾਂ ਵਿੱਚ ਇਸ ਸਬੰਧ ਵਿੱਚ 45 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ। ਸਾਸਾਰਾਮ ਨਗਰ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਵੀ 4 ਅਪ੍ਰੈਲ ਤੱਕ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੋਚਿੰਗ ਸੰਸਥਾਵਾਂ ਨੂੰ ਵੀ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਸ਼ੁੱਕਰਵਾਰ ਦੁਪਹਿਰ ਨੂੰ ਹੋਈ ਹਿੰਸਾ ਤੋਂ ਬਾਅਦ ਸਾਸਾਰਾਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਸਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਸਾਸਾਰਾਮ ਦਾ ਦੌਰਾ ਰੱਦ ਕਰ ਦਿੱਤਾ।
ਭਾਜਪਾ ਦੇ ਸੂਬਾ ਪ੍ਰਧਾਨ ਸਮਰਾਟ ਚੌਧਰੀ ਨੇ ਸਾਸਾਰਾਮ ਦੇ ਪ੍ਰੋਗਰਾਮ ਨੂੰ ਰੱਦ ਕਰਨ ਲਈ ਨਿਤੀਸ਼ ਕੁਮਾਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉੱਥੇ ਸਮਰਾਟ ਅਸ਼ੋਕ ਦੇ ਜਨਮ ਦਿਨ ‘ਤੇ ਭਾਜਪਾ ਦਾ ਪ੍ਰੋਗਰਾਮ ਪ੍ਰਸਤਾਵਿਤ ਸੀ।
ਸ਼ਨੀਵਾਰ ਦੇਰ ਸ਼ਾਮ ਸਾਸਾਰਾਮ ਦੇ ਸ਼ੇਰਗੰਜ ਇਲਾਕੇ ‘ਚ ਫਿਰ ਤੋਂ ਹਿੰਸਾ ਭੜਕ ਗਈ। ਇੱਥੇ ਧਮਾਕੇ ‘ਚ 5 ਲੋਕ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਪੱਥਰਬਾਜ਼ੀ ਵੀ ਹੋਈ ਹੈ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸਾਸਾਰਾਮ ਨਗਰ ਦੇ ਸਾਰੇ ਸਕੂਲ ਵੀ 4 ਅਪ੍ਰੈਲ ਤੱਕ ਬੰਦ ਕਰ ਦਿੱਤੇ ਗਏ ਹਨ।