India Punjab

ਚੜੂਨੀ ਨੇ ਹਰਿਆਣਾ ਦੇ CM ਨੂੰ ਦੱਸੀ ਅੰਦੋਲਨ ਦੀ ਗੁੱਝੀ ਗੱਲ

ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਜਵਾਬ ਦਿੰਦਿਆਂ ਕਿਹਾ ਕਿ ‘7 ਮਹੀਨਿਆਂ ਤੋਂ ਅੰਦੋਲਨ ਸ਼ਾਂਤੀਪੂਰਨ ਚੱਲ ਰਿਹਾ ਹੈ। 500 ਦੇ ਕਰੀਬ ਸਾਡੇ ਲੋਕ ਸ਼ਹੀਦ ਹੋ ਗਏ ਹਨ, ਉਸਦੇ ਬਾਵਜੂਦ ਵੀ ਸਾਡਾ ਅੰਦੋਲਨ ਸ਼ਾਂਤੀਪੂਰਨ ਚੱਲ ਰਿਹਾ ਹੈ, ਇਸ ਤੋਂ ਜ਼ਿਆਦਾ ਇਹ ਹੋਰ ਕਿਹੜੀ ਸ਼ਾਂਤੀ ਚਾਹੁੰਦੇ ਹਨ। ਕਈ ਲੋਕ ਅੰਦੋਲਨ ਦੌਰਾਨ ਆਤਮ-ਹੱਤਿਆ ਕਰ ਗਏ ਹਨ, ਉਸਦੇ ਬਾਵਜੂਦ ਵੀ ਅੰਦੋਲਨ ਨਹੀਂ ਭੜਕਿਆ। ਇਸ ਸਭ ਦੇ ਬਾਵਜੂਦ ਵੀ ਸਾਡੇ ‘ਤੇ ਦੋਸ਼ ਲਾਉਣਾ ਕਿ ਅੰਦੋਲਨ ਵਿੱਚ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ, ਅੰਦੋਲਨ ਹਿੰਸਕ ਹੋ ਗਿਆ ਹੈ, ਇਹ ਬਿਲਕੁਲ ਗਲਤ ਹੈ’।

ਚੜੂਨੀ ਨੇ ਖੱਟਰ ਨੂੰ ਸਵਾਲ ਕਰਦਿਆਂ ਕਿਹਾ ਕਿ ‘ਜਦੋਂ ਦੀ ਤੁਹਾਡੀ ਸਰਕਾਰ ਆਈ ਹੈ, ਕੀ ਪੂਰੇ ਹਰਿਆਣੇ ਵਿੱਚ ਕਿਤੇ ਵੀ ਕੋਈ ਅਪਰਾਧ ਨਹੀਂ ਹੋਇਆ, ਛੇੜਖਾਨੀ ਨਹੀਂ ਹੋਈ। ਇਸਦਾ ਜਵਾਬ ਵੀ ਚੜੂਨੀ ਨੇ ਖੁਦ ਦਿੰਦਿਆਂ ਕਿਹਾ ਕਿ ‘ਖੱਟਰ ਸਰਕਾਰ ਆਉਣ ਤੋਂ ਬਾਅਦ ਅਪਰਾਧ, ਛੇੜਖਾਨੀਆਂ ਹੋਰ ਵੀ ਵੱਧ ਗਈਆਂ ਹਨ। ਚੜੂਨੀ ਨੇ ਖੱਟਰ ਨੂੰ ਕਿਹਾ ਕਿ ਮੋਰਚੇ ਵਿੱਚ ਸ਼ਹੀਦ ਹੋਏ 500 ਕਿਸਾਨ ਤੁਹਾਨੂੰ ਨਜ਼ਰ ਨਹੀਂ ਆਏ, ਸ਼ਾਂਤੀ ਨਾਲ ਚੱਲਦਾ ਅੰਦੋਲਨ ਨਜ਼ਰ ਨਹੀਂ ਆਇਆ, ਤੁਹਾਡੇ ਲੋਕਾਂ ਨੇ ਅੰਦੋਲਨ ਵਿੱਚ ਆ ਕੇ ਗੁੰਡਾਗਰਦੀ ਕੀਤੀ, ਉਹ ਤੁਹਾਨੂੰ ਨਜ਼ਰ ਨਹੀਂ ਆਇਆ। ਸਾਨੂੰ ਪਹਿਲਾਂ ਵੀ ਪਤਾ ਸੀ ਅਤੇ ਹੁਣ ਵੀ ਅਸੀਂ ਕਹਿ ਰਹੇ ਹਾਂ ਕਿ ਸਰਕਾਰ ਅੰਦੋਲਨ ਨੂੰ ਬਦਨਾਮ ਕਰਨ ਦੇ ਇੰਤਜ਼ਾਰ ਵਿੱਚ ਹੈ ਜਾਂ ਫਿਰ ਕਿਸੇ ਤਰੀਕੇ ਨਾਲ ਸਾਡੇ ਵਿੱਚ ਫੁੱਟ ਪਾਉਣ ਦੇ ਇੰਤਜ਼ਾਰ ਵਿੱਚ ਹੈ। ਪਰ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਅੰਦੋਲਨ ਭੋਜਨ ਨਾਲ ਜੁੜਿਆ ਹੋਇਆ ਹੈ ਅਤੇ ਇਸਨੂੰ ਪਰਮਾਤਮਾ ਚਲਾ ਰਿਹਾ ਹੈ’।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ‘ਅੰਦੋਲਨ ਵਿੱਚ ਹਿੰਸਾ ਅਤੇ ਅਨੈਤਿਕ ਕੰਮਾਂ ਤੋਂ ਚਿੰਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਅੰਦੋਲਨ ਵਿੱਚ ਅਨੈਤਿਕ ਅਤੇ ਹਿੰਸਾਤਮਕ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਬਾਰੇ ਮੈਂ ਅਮਿਤ ਸ਼ਾਹ ਨੂੰ ਜਾਣੂ ਕਰਵਾਇਆ ਹੈ। ਖੱਟਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਅੰਦੋਲਨ ਵਿੱਚ ਔਰਤਾਂ ਦੇ ਨਾਲ ਛੇੜਖਾਨੀ ਦਾ ਤਾਂ ਰੁਟੀਨ ਹੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀਪੂਰਨ ਅੰਦੋਲਨ ‘ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।