India

ਸਲਮਾਨ ਖਾਨ ਦੇ ਘਰ ਬਾਹਰ ਹੋਈ ਗੋਲੀਬਾਰੀ ਦੀ ਜਾਂਚ ਜਾਰੀ, ਨਦੀ ‘ਚੋਂ ਮਿਲੀ ਦੂਜੀ ਬੰਦੂਕ

ਬਾਲੀਵੁੱਡ ਅਦਾਕਾਰ ਸਲਮਾਨ ਖਾਨ (Salman Khan) ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਜਾਂਚ ਦੌਰਾਨ ਤਾਪੀ ਨਦੀ ਵਿੱਚੋਂ ਇੱਕ ਹੋਰ ਬੰਦੂਕ ਮਿਲੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਪੁਲਿਸ ਨੂੰ ਇਸੇ ਨਦੀ ‘ਚੋਂ ਇੱਕ ਬੰਦੂਕ ਮਿਲੀ ਸੀ। ਇਨ੍ਹਾਂ ਬੰਦੂਕਾਂ ਦੀ ਵਰਤੋਂ ਸਲਮਾਨ ਖਾਨ ਦੇ ਬਾਹਰ ਹੋਈ ਗੋਲੀਬਾਰੀ ਦੌਰਾਨ ਕੀਤੀ ਗਈ ਸੀ।

ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਕ੍ਰਾਈਮ ਬ੍ਰਾਂਚ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਦੋਵੇਂ ਦੋਸ਼ੀਆਂ ਨੇ ਤਾਪੀ ਨਦੀ ‘ਚ ਬੰਦੂਕਾਂ ਸੁੱਟੀਆਂ ਸਨ। ਸੂਚਨਾ ਮਿਲਣ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਨਦੀ ‘ਚ ਤਲਾਸ਼ੀ ਮੁਹਿੰਮ ਚਲਾਈ।

ਪੁਲਿਸ ਵੱਲੋਂ ਸ਼ੂਟਰ ਵਿੱਕੀ ਦੀ ਨਿਸ਼ਾਨਦੇਹੀ ‘ਤੇ ਕਾਰਵਾਈ ਕਰਦਿਆਂ ਹੋਇਆਂ ਹੁਣ ਤੱਕ 2 ਬੰਦੂਕਾਂ, 3 ਮੈਗਜ਼ੀਨ ਅਤੇ ਕੁੱਝ ਗੋਲੀਆਂ ਬਰਾਮਦ ਕੀਤੀਆਂ ਹਨ। ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਸ਼ੂਟਰਾਂ ਨੇ ਬੰਦੂਕ ਅਤੇ ਮੈਗਜ਼ੀਨ ਨੂੰ ਗੁਜਰਾਤ ਦੇ ਭੁਜ ਜਾਂਦੇ ਸਮੇਂ ਸੂਰਤ ਦੀ ਤਾਪੀ ਨਦੀ ‘ਚ ਸੁੱਟ ਦਿੱਤਾ ਸੀ। ਇਹ ਦੋਵੇਂ ਬੰਦੂਕਾਂ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰਾਂ ਦੀਆਂ ਹਨ।

ਜਾਣਕਾਰੀ ਮੁਤਾਬਕ ਪੁਲਿਸ ਜਲਦੀ ਹੀ ਇਸ ਮਾਮਲੇ ਵਿੱਚ ਮਕੋਕਾ ਲਗਾਉਣ ਜਾ ਰਹੀ ਹੈ। ਮਕੋਕਾ ਲਾਗੂ ਹੋਣ ਤੋਂ ਬਾਅਦ ਅਪਰਾਧ ਸ਼ਾਖਾ ਲਾਰੇਂਸ ਬਿਸ਼ਨੋਈ ਨੂੰ ਜੇਲ੍ਹ ਤੋਂ ਹਿਰਾਸਤ ‘ਚ ਲੈ ਕੇ ਪੁੱਛਗਿੱਛ ਲਈ ਮੁੰਬਈ ਲਿਆਉਣ ਜਾ ਰਹੀ ਹੈ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਗੁਜਰਾਤ ਦੇ ਭੁਜ ਤੋਂ ਗ੍ਰਿਫਤਾਰ ਕੀਤਾ ਸੀ।

ਇਹ ਵੀ ਪੜ੍ਹੋ – ਬੀਜੇਪੀ ’ਚ ਸ਼ਾਮਲ ਹੋ ਸਕਦਾ ਹੈ ਪੰਜਾਬ ਪੁਲਿਸ ਦਾ ਇਹ ਸੇਵਾਮੁਕਤ ਅਫ਼ਸਰ!