Punjab

ਸਿੰਘੂ ਬਾਰਡਰ ਕਾਂਡ ‘ਚ ਹੋਈ ਦੂਜੀ ਗ੍ਰਿਫਤਾਰੀ

‘ਦ ਖ਼ਾਲਸ ਟੀਵੀ ਬਿਊਰੋ (ਪੁਨੀਤ ਕੌਰ):-ਸਿੰਘੂ ਬਾਰਡਰ ਕਾਂਡ ਵਿੱਚ ਦੂਜੀ ਗ੍ਰਿਫਤਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਨਿਹੰਗ ਨਾਰਾਇਣ ਸਿੰਘ ਨੇ ਗੁਰੂ ਘਰ ਵਿੱਚ ਅਰਦਾਸ ਕਰਕੇ ਜੰਡਿਆਲਾ ਗੁਰੂ ਦੇ ਪਿੰਡ ਅਮਰਕੋਟ ਤੋਂ ਆਪਣੀ ਗ੍ਰਿਫਤਾਰੀ ਦਿੱਤੀ ਹੈ। ਸਿੰਘੂ ਬਾਰਡਰ ਕਾਂਡ ਤੋਂ ਬਾਅਦ ਨਾਰਾਇਣ ਸਿੰਘ ਆਪਣੇ ਪਿੰਡ ਵਾਪਸ ਪਰਤ ਆਇਆ ਸੀ ਅਤੇ ਜਾਣਕਾਰੀ ਮੁਤਾਬਕ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ਕੀਤਾ ਗਿਆ ਸੀ। ਕੱਲ੍ਹ ਕ ਤਲ ਤੋਂ ਬਾਅਦ ਨਿਹੰਗ ਸਿੰਘ ਨੇ ਗ੍ਰਿਫਤਾਰੀ ਦਿੱਤੀ ਸੀ, ਜਿਸਦਾ ਪੁਲਿਸ ਨੇ ਅੱਜ ਸੱਤ ਦਿਨਾ ਪੁਲਿਸ ਰਿਮਾਂਡ ਵੀ ਲੈ ਲਿਆ ਹੈ।

ਨਾਰਾਇਣ ਸਿੰਘ ਦੀ ਅੰਮ੍ਰਿਤਸਰ ਤੋਂ ਗ੍ਰਿਫਤਾਰੀ ‘ਤੇ ਕਈ ਸਵਾਲ ਵੀ ਉੱਠ ਰਹੇ ਸਨ ਕਿ ਆਖਿਰ ਉਨ੍ਹਾਂ ਨੇ ਕੱਲ੍ਹ ਦਿੱਲੀ ਤੋਂ ਗ੍ਰਿਫਤਾਰੀ ਕਿਉਂ ਨਹੀਂ ਦਿੱਤੀ। ਇਸਦਾ ਨਾਰਾਇਣ ਸਿੰਘ ਨੇ ਜਵਾਬ ਦਿੰਦਿਆਂ ਕਿਹਾ ਕਿ ਉਹ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣਾ ਚਾਹੁੰਦੇ ਸੀ ਪਰ ਪੁਲਿਸ ਵੱਲੋਂ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਸੀ ਜਿਸ ਕਰਕੇ ਉਹ ਆਪਣੇ ਘਰ ਤੋਂ ਬਾਹਰ ਨਹੀਂ ਨਿਕਲ ਸਕੇ। ਇਸ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਉਨ੍ਹਾਂ ਨੇ ਆਪਣੀ ਗ੍ਰਿਫਤਾਰੀ ਦਿੱਤੀ।

ਪਿੰਡਵਾਸੀਆਂ ਅਤੇ ਨਿਹੰਗ ਜਥੇਬੰਦੀਆਂ ਵੱਲੋਂ ਗ੍ਰਿਫਤਾਰੀ ਮੌਕੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਿੰਘੂ ਬਾਰਡਰ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਤਾਂ ਉਹ ਸਿੱਧਾ ਅੰਮ੍ਰਿਤਸਰ ਤੋਂ ਸਿੰਘੂ ਬਾਰਡਰ ਵੱਲ ਗਏ। ਉਨ੍ਹਾਂ ਕਿਹਾ ਕਿ ਕਾਨੂੰਨ ‘ਤੇ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਭਵਿੱਖ ਵਿੱਚ ਵੀ ਇੱਦਾਂ ਦੀ ਕੋਈ ਲੋੜ ਪਈ ਤਾਂ ਉਨ੍ਹਾਂ ਦੀ ਪਤਨੀ ਅਤੇ ਧੀ ਵੀ ਇਸ ਤਰ੍ਹਾਂ ਜ਼ੁਲਮ ਦਾ ਟਾਕਰਾ ਕਰਨਗੇ।