ਬਿਉਰੋ ਰਿਪੋਰਟ – ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ (Farmer Protest) ਨੂੰ ਹੋਰ ਹਵਾ ਨਾ ਦੇਣ ਲਈ ਮਾਨ ਸਰਕਾਰ (Chief Minister Bhagwant singh Mann) ਨੇ ਇੱਕ ਅਹਿਮ ਫੈਸਲਾ ਲਿਆ ਹੈ । ਬੀਤੇ ਦਿਨ ਲੋਕਸਭਾ ਚੋਣਾਂ ਦੌਰਾਨ ਬੀਜੇਪੀ ਦੇ ਫਰੀਦਕੋਟ ਤੋਂ ਉਮੀਦਵਾਰ ਰਹੇ ਹੰਸਰਾਜ ਹੰਸ ਦਾ ਵਿਰੋਧ ਕਰਨ ਵਾਲੇ 2 ਕਿਸਾਨ ਆਗੂਆਂ ਖਿਲਾਫ ਗ੍ਰਿਫਤਾਰੀ ਵਾਰੰਟ (Arrest Warrant) ਜਾਰੀ ਕੀਤਾ ਗਿਆ ਸੀ ਉਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ ।
SDM ਦੇ ਵੱਲੋਂ ਕਿਰਤੀ ਕਿਸਾਨ ਦੇ ਸੂਬਾ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਨੌਨਿਹਾਲ ਸਿੰਘ ਖਿਲਾਫ਼ ਧਾਰਾ 107/151 ਤਹਿਤ ਜਾਰੀ ਕੀਤੇ ਗਏ ਗ੍ਰਿਫਤਾਰੀ ਵਾਰੰਟ SDM ਦੀ ਅਦਾਲਤ ਨੇ ਬਿਨਾਂ ਸ਼ਰਤ ਵਾਪਸ ਲੈ ਲਏ ਹਨ ।
ਜਿੰਨਾਂ ਕਿਸਾਨ ਆਗੂਆਂ ਖਿਲਾਫ਼ ਵਾਰੰਟ ਜਾਰੀ ਕੀਤਾ ਗਿਆ ਉਨ੍ਹਾਂ ਨੇ ਇਸ ਨੂੰ ਗੈਰ ਕਾਨੂੰਨੀ ਦੱਸਿਆ ਸੀ ਅਤੇ ਪੇਸ਼ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ ਅਤੇ ਇਹ ਆਗੂ ਅਦਾਲਤ ਵਿੱਚ ਪੇਸ਼ ਵੀ ਨਹੀਂ ਹੋਏ । ਲੋਕਸਭਾ ਚੋਣਾਂ ਦੌਰਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਨੌਨਿਹਾਲ ਸਿੰਘ ਨੇ ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਦਾ ਫਰੀਦਕੋਟ ਦੇ ਵੱਖ-ਵੱਖ ਪਿੰਡਾਂ ਵਿੱਚ ਵਿਰੋਧ ਕੀਤਾ ਸੀ । ਇਸ ਤੋਂ ਬਾਅਦ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਨੌਨਿਹਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ ਪਰ ਅਗਲੇ ਦਿਨ ਹੀ ਉਨ੍ਹਾਂ ਰਿਹਾਅ ਕਰ ਦਿੱਤਾ ਗਿਆ ਸੀ ।
SDM ਨੇ ਅਦਾਲਤ ਵਿੱਚ ਦੱਸਿਆ ਹੈ ਕਿ ਇੰਨ੍ਹਾਂ ਆਗੂਆਂ ਖਿਲਾਫ਼ ਜਾਰੀ ਵਾਰੰਟ ਗਲਤਫਹਿਮੀ ਵਿੱਚ ਜਾਰੀ ਹੋ ਗਏ ਸਨ ਜੋ ਹੁਣ ਰੱਦ ਕਰ ਦਿੱਤੇ ਹਨ । ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਅਫਸਰਾਂ ਦਾ ਵਾਪਸ ਵਿੱਚ ਕੋਈ ਤਾਲਮੇਲ ਨਹੀਂ ਹੈ । ਕਿਸਾਨ ਆਗੂ ਨੌਨਿਹਾਲ ਸਿੰਘ ਨੇ ਕਿਹਾ ਅਸੀਂ ਨਸ਼ੇ ਦੇ ਖਿਲਾਫ਼ ਪ੍ਰਸ਼ਾਸਨ ਖਿਲਾਫ ਸੰਘਰਸ਼ ਕਰਦੇ ਹਾਂ ਤਾਂ ਹੀ ਵਾਰੰਟ ਜਾਰੀ ਕਰਵਾਏ ਗਏ ਸੀ ।