India

ਸੋਮਵਾਰ ਤੋਂ ਖੁੱਲ੍ਹਣਗੇ ਸਾਰੇ ਵਿੱਦਿਅਕ ਅਦਾਰੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਵਿੱਚ 9ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਲਈ ਸੋਮਵਾਰ ਤੋਂ ਸਕੂਲ ਖੁੱਲ੍ਹਣਗੇ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਉੱਚ ਵਿੱਦਿਅਕ ਸੰਸਥਾਵਾਂ, ਕੋਚਿੰਗ ਸੈਂਟਰਾਂ ਅਤੇ ਸਕੂਲਾਂ ਨੂੰ ਪੜਾਅਵਾਰ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਹੈ। ਦਿੱਲੀ ਦੇ ਸਾਰੇ ਕਾਲਜ ਵੀ 7 ਫਰਵਰੀ ਤੋਂ ਖੋਲ੍ਹ ਦਿੱਤੇ ਜਾਣਗੇ ਅਤੇ ਉਨ੍ਹਾਂ ਦੀ ਆਨਲਾਈਨ ਕਲਾਸਾਂ ਨਹੀਂ ਲੱਗਣਗੀਆਂ ਬਲਕਿ ਫਿਜ਼ੀਕਲ ਕਲਾਸਾਂ ਲੱਗਣਗੀਆਂ। ਜਿਨ੍ਹਾਂ ਅਧਿਆਪਕਾਂ ਨੇ ਕੋਵਿਡ ਰੋਕੂ ਟੀਕੇ ਨਹੀਂ ਲਗਾਏ ਹਨ, ਉਨ੍ਹਾਂ ਨੂੰ ਸਕੂਲ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। 14 ਫਰਵਰੀ ਤੋਂ ਨਰਸਰੀ ਤੋਂ ਲੈ ਕੇ ਅੱਠਵੀਂ ਤੱਕ ਸਕੂਲ ਵੀ ਖੋਲ੍ਹੇ ਜਾਣਗੇ।

ਉਨ੍ਹਾਂ ਡਰਾਈਵਰਾਂ ਨੂੰ ਮਾਸਕ ਪਹਿਨਣ ਤੋਂ ਛੋਟ ਦਿੱਤੀ ਜਾਵੇਗੀ, ਜੋ ਵਾਹਨ ਵਿੱਚ ਇਕੱਲੇ ਹੋਣਗੇ। ਡੀਡੀਐੱਮਏ ਨੇ ਕਿਹਾ ਹੈ ਕਿ ਦਫ਼ਤਰ ਪੂਰੀ ਸਮਰੱਥਾ ਨਾਲ ਖੁੱਲ੍ਹਣਗੇ, ਜਿੰਮ ਅਤੇ ਸਪਾ ਵੀ ਖੋਲ੍ਹੇ ਜਾਣਗੇ। ਦਿੱਲੀ ਵਿੱਚ ਰਾਤ ਦਾ ਕਰਫਿਊ ਜਾਰੀ ਰਹੇਗਾ, ਜੋ ਹੁਣ ਰਾਤ 10 ਵਜੇ ਦੀ ਬਜਾਏ ਰਾਤ 11 ਵਜੇ ਸ਼ੁਰੂ ਹੋਵੇਗਾ ਅਤੇ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਰੈਸਟੋਰੈਂਟ ਹੁਣ 11 ਵਜੇ ਤੱਕ ਖੁੱਲਣਗੇ। ਸਾਰੇ ਸਰਕਾਰੀ ਅਤੇ ਨਿੱਜੀ ਦਫ਼ਤਰ ਪੂਰੀ ਸਮਰੱਥਾ ਦੇ ਨਾਲ ਕੰਮ ਕਰਨਗੇ।

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਧਾਨੀ ਵਿੱਚ ਕਰੋਨਾ ਦੇ ਘੱਟ ਰਹੇ ਮਾਮਲਿਆਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨੌਂਵੀਂ ਤੋਂ 12ਵੀਂ ਜਮਾਤ ਦੇ ਬੱਚਿਆਂ ਲਈ ਸਕੂਲ ਇਸ ਲਈ ਖੋਲ੍ਹੇ ਗਏ ਹਨ, ਕਿਉਂਕਿ ਇਸ ਉਮਰ ਦੇ ਬੱਚਿਆ ਦੀ ਵੈਕਸੀਨੇਸ਼ਨ ਵਿੱਚ ਕਾਫ਼ੀ ਬਿਹਤਰੀ ਆਈ ਹੈ। ਹਾਲਾਂਕਿ, ਫਿਲਹਾਲ ਹਾਈਬ੍ਰਿਡ ਕਲਾਸਾਂ ਚੱਲਦੀਆਂ ਰਹਿਣਗੀਆਂ।