Punjab

ਪੰਜਾਬ ਵਿੱਚ ਦੋ ਹਫ਼ਤਿਆਂ ਬਾਅਦ ਖੁੱਲ੍ਹੇ ਸਕੂਲ, ਹੜ੍ਹ ਦਾ ਖ਼ਤਰਾ ਬਰਕਰਾਰ

ਬਿਊਰੋ ਰਿਪੋਰਟ (ਚੰਡੀਗੜ੍ਹ, 9 ਸਤੰਬਰ 2025): ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਇਲਾਵਾ ਜ਼ਿਆਦਾਤਰ ਸਕੂਲ ਅੱਜ ਦੋ ਹਫ਼ਤਿਆਂ ਬਾਅਦ ਖੁੱਲ੍ਹ ਗਏ ਹਨ। ਹਾਲਾਂਕਿ ਹੜ੍ਹ ਦਾ ਖ਼ਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਹੈ। ਸੂਬੇ ਦੇ ਸਾਰੇ 23 ਜ਼ਿਲ੍ਹੇ ਹੜ੍ਹ ਦੀ ਚਪੇਟ ਵਿੱਚ ਹਨ ਅਤੇ ਨਦੀਆਂ ਅਜੇ ਵੀ ਉਫਾਨ ’ਤੇ ਹਨ। ਲੁਧਿਆਣਾ ਵਿੱਚ ਖ਼ਤਰਾ ਜਾਰੀ ਹੈ, ਜਦਕਿ ਹੋਰ ਜ਼ਿਲ੍ਹਿਆਂ ਵਿੱਚ ਸਰਕਾਰ, ਪ੍ਰਸ਼ਾਸਨ ਅਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਟੁੱਟੇ ਅਤੇ ਨੁਕਸਾਨੀ ਬੰਨ੍ਹ ਭਰਨ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।

ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਦੌਰਾ ਕੀਤਾ ਸੀ ਅਤੇ ਹੜ੍ਹ ਤੇ ਨੁਕਸਾਨ ਦੀ ਵੱਡੀ ਵਜ੍ਹਾ ਗੈਰਕਾਨੂੰਨੀ ਖਣਨ ਨੂੰ ਦੱਸਿਆ ਸੀ।

ਭਾਰਤੀ ਮੌਸਮ ਵਿਗਿਆਨ ਕੇਂਦਰ (IMD) ਵੱਲੋਂ ਅੱਜ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਅਗਲੇ ਇੱਕ ਹਫ਼ਤੇ ਤੱਕ ਅਜਿਹਾ ਹੀ ਮੌਸਮ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਆਮ ਬਾਰਸ਼ ਦਾ ਅਨੁਮਾਨ ਹੈ ਅਤੇ ਤਾਪਮਾਨ ਵਿੱਚ ਵੀ ਵਾਧਾ ਹੋ ਸਕਦਾ ਹੈ।