India

ਦਿੱਲੀ ‘ਚ ਇੱਕ ਹਫ਼ਤੇ ਲਈ ਬੰਦ ਹੋਏ ਸਕੂਲ, ਪੜ੍ਹੋ ਕੇਜਰੀਵਾਲ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕੀਤੇ ਹੋਰ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਵੱਧਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕਈ ਅਹਿਮ ਐਲਾਨ ਕੀਤੇ ਹਨ। ਕੇਜਰੀਵਾਲ ਨੇ ਦਿੱਲੀ ਦੇ ਸਾਰੇ ਸਕੂਲ ਇੱਕ ਹਫ਼ਤੇ ਲਈ ਬੰਦ ਕਰਨ ਦਾ ਐਲਾਨ ਕੀਤਾ ਹੈ। ਸਰਕਾਰੀ ਮੁਲਾਜ਼ਮ ਇੱਕ ਹਫ਼ਤੇ ਲਈ ਘਰ ਤੋਂ ਕੰਮ ਕਰਨਗੇ। ਨਿਰਮਾਣ ਕੰਮ (Construction work) ‘ਤੇ 14 ਤੋਂ 17 ਨਵੰਬਰ ਤੱਕ ਰੋਕ ਲਗਾ ਦਿੱਤੀ ਗਈ ਹੈ।

ਦਰਅਸਲ, ਸੁਪਰੀਮ ਕੋਰਟ ਵਿੱਚ ਅੱਜ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (NCR) ‘ਚ ਹਵਾ ਪ੍ਰਦੂਸ਼ਣ ਦੇ ਮੁੱਦੇ ‘ਤੇ ਸੁਣਵਾਈ ਕੀਤੀ। ਸਰਬਉਚ ਅਦਾਲਤ ਨੇ ਦਿੱਲੀ ਵਿੱਚ ਵੱਧਦੇ ਹਵਾ ਪ੍ਰਦੂਸ਼ਣ ਨੂੰ ਐਮਰਜੰਸੀ ਹਾਲਾਤ ਕਰਾਰ ਦਿੰਦਿਆਂ ਕਿਹਾ ਕਿ ਹਰ ਕਿਸੇ ਉੱਤੇ ਪ੍ਰਦੂਸ਼ਣ ਲਈ ਕਿਸਾਨਾਂ ’ਤੇ ਦੋਸ਼ ਲਾਉਣ ਦਾ ਜਨੂੰਨ ਸਵਾਰ ਹੈ। ਕੀ ਤੁਸੀਂ ਦੇਖਿਆ ਹੈ ਕਿ ਪਿਛਲੇ 7 ਦਿਨਾਂ ਤੋਂ ਦਿੱਲੀ ਅੰਦਰ ਕਿਵੇਂ ਪਟਾਕੇ ਚਲਾਏ ਜਾ ਰਹੇ ਹਨ।

ਇੰਡੀਅਨ ਇੰਸਟੀਚਿਊਟ ਆਫ਼ ਟ੍ਰੌਪਿਕਲ ਮੀਟੀਓਰਾਲੋਜੀ ਦੇ ਡਿਸੀਜ਼ਨ ਸਿਸਟਮ ਨੇ ਕਿਹਾ ਸੀ ਕਿ ਦਿੱਲੀ ਦੇ ਗੁਆਂਢੀ ਸ਼ਹਿਰਾਂ ਝੱਜਰ, ਗੁਰੂਗ੍ਰਾਮ, ਬਾਗ਼ਪਤ, ਗ਼ਾਜ਼ੀਆਬਾਦ ਅਤੇ ਸੋਨੀਪਤ ‘ਚ ਪਰਾਲੀ ਸਾੜੀ ਜਾ ਰਹੀ ਹੈ। ਜਿਸ ਦਾ ਸਿੱਧਾ ਅਸਰ ਦਿੱਲੀ ਦੀ ਹਵਾ ‘ਤੇ ਪੈ ਰਿਹਾ ਹੈ। ਦਿੱਲੀ ਦੀ ਹਵਾ ‘ਚ ਜ਼ਹਿਰ ਘੁਲਦਾ ਜਾ ਰਿਹਾ ਹੈ। ਡੀ.ਐਸ.ਐਸ. ਦੀ ਰਿਪੋਰਟ ਦੇ ਮੁਤਾਬਕ ਸ਼ੁੱਕਰਵਾਰ ਨੂੰ ਝੋਨੇ ਦੀ ਪਰਾਲੀ ਨੇ ਦਿੱਲੀ ਨੂੰ 2.5 ਪੀ.ਐਮ. ‘ਚ 15 ਫ਼ੀਸਦੀ ਦਾ ਯੋਗਦਾਨ ਦਿੱਤਾ। ਇਸ ਦੌਰਾਨ ਗੱਡੀਆਂ ਤੋਂ ਨਿਕਲੇ ਧੂੰਏ ਦਾ ਹਿੱਸਾ 25 ਹਿੱਸਾ ਤੇ ਘਰੇਲੂ ਗੈਸਾਂ ਦਾ ਯੋਗਦਾਨ 7 ਫ਼ੀਸਦੀ ਰਿਹਾ। ਇਸ ਤੋਂ ਇਲਾਵਾ ਸ਼ਹਿਰ ‘ਚ ਫ਼ੈਕਟਰੀਆਂ ਨੇ ਪ੍ਰਦੂਸ਼ਣ ‘ਚ 9-10 ਫ਼ੀਸਦੀ ਯੋਗਦਾਨ ਦਿੱਤਾ। ਹਾਲਾਂਕਿ, ਸੁਪਰੀਮ ਕੋਰਟ ਨੇ ਪ੍ਰਦੂਸ਼ਣ ਲਈ ਕਿਸਾਨਾਂ ‘ਤੇ ਮੜੇ ਜਾ ਰਹੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਦਿੱਤੀ। ਇਸ ਦੇ ਨਾਲ ਹੀ ਸੀਪੀਸੀਬੀ ਨੇ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਨੂੰ ਕੌਮੀ ਰਾਜਧਾਨੀ ‘ਚ ਪ੍ਰਦੂਸ਼ਣ ਘੱਟ ਕਰਨ ਦੇ ਨਿਰਦੇਸ਼ ਦਿੱਤੇ। ਸੀਪੀਸੀਬੀ ਨੇ ਕਿਹਾ ਕਿ ਸਰਕਾਰੀ ਤੇ ਨਿੱਜੀ ਦਫ਼ਤਰਾਂ ਦੇ ਕਰਮਚਾਰੀ ਘੱਟ ਤੋਂ ਘੱਟ ਵਾਹਨਾਂ ਦੀ ਵਰਤੋਂ ਕਰਨ ਤਾਂ ਜੋ ਪ੍ਰਦੂਸ਼ਣ ਨੂੰ ਘੱਟ ਕਰਨ ‘ਚ ਕੁੱਝ ਸਹਾਇਤਾ ਮਿਲੇ ਕਿਉਂਕਿ ਪ੍ਰਦੂਸ਼ਣ ਵਧਾਉਣ ਲਈ ਕਾਫ਼ੀ ਹੱਦ ਤੱਕ ਗੱਡੀਆਂ ‘ਚੋਂ ਨਿਕਲਣ ਵਾਲਾ ਧੂੰਆ ਵੀ ਜ਼ਿੰਮੇਵਾਰ ਹੁੰਦਾ ਹੈ।