‘ਦ ਖ਼ਾਲਸ ਬਿਊਰੋ:- ਜਰਮਨੀ ਵਿੱਚ ਅੱਜ ਤੋਂ ਸਕੂਲ ਮੁੜ ਖੋਲ੍ਹੇ ਜਾਣਗੇ। ਸਕੂਲ ਖੁੱਲ੍ਹਣ ਮਗਰੋਂ ਪ੍ਰਸ਼ਾਸਨ ਲਈ ਸਭ ਤੋਂ ਵੱਡੀ ਚੁਣੌਤੀ ਮਾਸਕ ਪਹਿਨਣ ਦੇ ਨਿਯਮਾਂ ਨੂੰ ਨਿਰਧਾਰਤ ਕਰਨ ਦੀ ਹੋਵੇਗੀ। ਸਕੂਲਾਂ ਦਾ ਕਹਿਣਾ ਹੈ ਕਿ ਸਕੂਲਾਂ ਦੇ ਹਾਲ ’ਚ ਹੀ ਸਿਰਫ਼ ਮਾਸਕ ਪਹਿਨੇ ਜਾਣਗੇ, ਕਲਾਸਾਂ ’ਚ ਮਾਸਕ ਦੀ ਲੋੜ ਨਹੀਂ ਹੈ।
ਜਰਮਨੀ ਦੇ 16 ਰਾਜਾਂ ਵੱਲੋਂ ਕੋਰੋਨਾ ਮਹਾਂਮਾਰੀ ਦਰਮਿਆਨ ਬੱਚਿਆਂ ਨੂੰ ਸਕੂਲ ਭੇਜਣ ਦੇ ਹੁਕਮ ਦਿੱਤੇ ਗਏ ਹਨ। ਬਰਲਿਨ ਦੀ ਅਧਿਆਪਕ ਯੂਨੀਅਨ ਦੇ ਮੁਖੀ ਡੋਰੇਨ ਸਿਬਰਨਿਕ ਨੇ ਕਿਹਾ ਕਿ ਸਭ ਮਾਪਿਆਂ ਦੇ ਫਿਕਰ ਜਾਇਜ਼ ਹਨ ਕਿਉਂਕਿ ਸਕੂਲ ਬਿਮਾਰੀ ਦੇ ਹੌਟਸਪੌਟ ਬਣ ਸਕਦੇ ਹਨ। ਬਰਲਿਨ ਦੇ ਸਕੂਲਾਂ ’ਚ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਹਾਲ ’ਚ ਮਾਸਕ ਪਹਿਨਣੇ ਲਾਜ਼ਮੀ ਹੋਣਗੇ ਪਰ ਕਲਾਸ ਤੇ ਖੇਡ ਦੇ ਮੈਦਾਨ ’ਚ ਇਸ ਦੀ ਲੋੜ ਨਹੀਂ ਹੋਵੇਗੀ।
ਬਰਲਿਨ ਦੀ ਸਿੱਖਿਆ ਮੰਤਰੀ ਸਾਂਦਰਾ ਸ਼ੇਰੇਸ ਨੇ ਕਿਹਾ ਕਿ ਵਿਦਿਆਰਥੀਆਂ ਵਿਚਾਲੇ ਨਿਰਧਾਰਤ ਦੂਰੀ ਕਾਇਮ ਰੱਖਣੀ ਸਕੂਲਾਂ ’ਚ ਸੰਭਵ ਨਹੀਂ ਹੈ ਪਰ ਫਿਰ ਵੀ ਸਾਰੇ ਨਿਯਮਾਂ ਦਾ ਪਾਲਣ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਹੁਣ ਸਭ ਦੀਆਂ ਨਿਗਾਹਾਂ ਜਰਮਨੀ ’ਤੇ ਟਿਕੀਆਂ ਹੋਈਆਂ ਹਨ। ਇੱਥੇ ਸਕੂਲ ਖੋਲ੍ਹਣ ਦੇ ਹੋਣ ਵਾਲੇ ਤਜ਼ਰਬੇ ਤੋਂ ਪਤਾ ਲੱਗੇਗਾ ਕਿ ਮੌਜੂਦਾ ਹਾਲਾਤ ’ਚ ਸਕੂਲ ਖੋਲ੍ਹੇ ਜਾ ਸਕਦੇ ਹਨ ਜਾਂ ਨਹੀਂ।
ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਸਰਕਾਰ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਗਲੇ ਮਹੀਨੇ ਬੱਚਿਆਂ ਨੂੰ ਮੁੜ ਸਕੂਲ ਭੇਜਿਆ ਜਾਵੇ। ਤਰਕਬੀਨ ਮਾਰਚ ਮਹੀਨੇ ਤੋਂ ਬੱਚੇ ਸਕੂਲ ਨਹੀਂ ਜਾ ਰਹੇ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਹੋਰ ਲੰਮਾ ਸਮਾਂ ਬੰਦ ਰੱਖਣਾ ਗਲਤ ਹੋਵੇਗਾ।