India

ਪੱਖਪਾਤ ਤੋਂ ਮੁਕਤ ਕੀਤਾ ਜਾਵੇ ਸਕੂਲੀ ਪਾਠਕ੍ਰਮ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਸਕੂਲੀ ਪਾਠਕ੍ਰਮ ਨੂੰ ‘ਪੱਖਪਾਤ ਤੋਂ ਮੁਕਤ’ ਕਰਨ ਲਈ ਇਕ ਸੰਸਦੀ ਕਮੇਟੀ ਨੇ ਸ਼ਿਫਾਰਸ਼ ਕੀਤੀ ਹੈ।ਭਾਜਪਾ ਸੰਸਦ ਵਿਨੇ ਸਹਸ੍ਰਬੁੱਧੇ ਦੀ ਅਗਵਾਈ ਵਾਲੀ ਇਸ ਸੰਸਦੀ ਕਮੇਟੀ ਦਾ ਕਹਿਣਾ ਹੈ ਕਿ ਸਕੂਲੀ ਕਿਤਾਬਾਂ ਵਿੱਚ ਸੁਤੰਤਰਤਾ ਸੈਨਾਨੀਆਂ ਦੇ ਜ਼ਿਕਰ ਦੀ ਸਮੀਖਿਆ ਕਰਨੀ ਜਰੂਰੀ ਹੈ।ਕਮੇਟੀ ਨੇ ਇਹ ਵੀ ਕਿਹਾ ਹੈ ਕਿ ਬੱਚਿਆਂ ਦੇ ਸਕੂਲੀ ਪਾਠਕ੍ਰਮ ਵਿੱਚ ਵੇਦਾਂ ਦੇ ਪੁਰਾਤਨ ਗਿਆਨ ਨੂੰ ਸ਼ਾਮਲ ਕਰਨਾ ਲਾਜਮੀ ਹੋਣਾ ਚਾਹੀਦਾ ਹੈ।

ਜਾਣਕਾਰੀ ਮੁਤਾਬਕ ਕਮੇਟੀ ਨੇ ਪਾਠਕ੍ਰਮ ਵਿੱਚ ਸਿੱਖ ਅਤੇ ਮਰਾਠਾ ਇਤਿਹਾਸ ਦੇ ਹਿੱਸੇ ਨੂੰ ਹੋਰ ਵਿਸਥਾਰ ਨਾਲ ਜੋੜਨ ਦੀ ਲੋੜ ਉੱਤੇ ਜੋਰ ਦੇਣ ਦੀ ਗੱਲ ਕਹੀ ਹੈ। ਮੰਗਲਵਾਰ ਨੂੰ ਰਾਜ ਸਭਾ ‘ਚ ਰੱਖੀ ਗਈ ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਚੋਟੀ ਦੇ ਇਤਿਹਾਸਕਾਰਾਂ ਦੀ ਨਿਗਰਾਨੀ ‘ਚ ਇਸ ਗੱਲ ਦੀ ਸਮੀਖਿਆ ਕਰਨ ਦੀ ਲੋੜ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਨਾਲ ਸਬੰਧਤ ਆਜ਼ਾਦੀ ਘੁਲਾਟੀਆਂ ਨੂੰ ਸਿਲੇਬਸ ‘ਚ ਕਿੰਨੀ ਜਗ੍ਹਾ ਮਿਲੀ ਹੈ।

ਇਸ ਨਾਲ ਬੱਚਿਆਂ ਨੂੰ ਭਾਰਤੀ ਸੁਤੰਤਰਤਾ ਸੰਗਰਾਮ ਦਾ ਵਧੇਰੇ ਤਰਕਸ਼ੀਲ ਅਤੇ ਨਿਆਂਪੂਰਨ ਦ੍ਰਿਸ਼ਟੀਕੋਣ ਪੇਸ਼ ਕੀਤਾ ਜਾ ਸਕੇਗਾ। ਇਸ ਸਮੀਖਿਆ ਨਾਲ ਉਨ੍ਹਾਂ ਆਜ਼ਾਦੀ ਘੁਲਾਟੀਆਂ ਨੂੰ ਵੀ ਇਤਿਹਾਸ ਵਿੱਚ ਥਾਂ ਮਿਲੇਗੀ ਜਿਨ੍ਹਾਂ ਦੇ ਨਾਂ ਹੁਣ ਤੱਕ ਗੁੰਮਨਾਮ ਹੀ ਰਹੇ ਹਨ।