ਲੁਧਿਆਣਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਸਿਰਫ਼ਿਰੇ ਆਸ਼ਿਕ ਨੇ 10ਵੀਂ ਜਮਾਤ ਵਿੱਚ ਪੜ੍ਹਦੀ ਲੜਕੀ ’ਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ।
ਲੜਕੀ ਸਕੂਲ ਤੋਂ ਛੁੱਟੀ ਹੋਣ ਬਾਅਦ ਘਰ ਜਾ ਰਹੀ ਸੀ ਕਿ ਮੁਲਜ਼ਮ ਲੜਕੇ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲਾਵਰ ਲੜਕੀ ਨੂੰ ਤਰਫ਼ਾ ਪਿਆਰ ਕਰਦਾ ਹੈ। ਹਮਲਾਵਰ ਨੇ ਲੜਕੀ ਦੇ ਮੂੰਹ, ਸਿਰ ਤੇ ਹੋਰ ਸਰੀਰ ਦੇ ਹਿੱਸਿਆਂ ’ਤੇ ਨੁਕੀਲੇ ਹਥਿਆਰ ਨਾਲ ਵਾਰ ਕੀਤੇ ਹਨ। ਹਮਲਾਵਰ ਦੀ ਪਛਾਣ ਰਮਨਦੀਪ ਵਜੋਂ ਹੋਈ ਹੈ।
ਲੜਕੀ ਨੂੰ ਰਾਹਗੀਰਾਂ ਨੇ ਹਮਲਾਵਰ ਤੋਂ ਛੁਡਾਇਆ ਤੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਹਸਪਤਾਲ ’ਚ ਪੀੜਤਾ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਦੇ PGI ਰੈਫ਼ਰ ਕਰ ਦਿੱਤਾ ਗਿਆ ਹੈ।
ਇਸ ਮਾਮਲੇ ਵਿੱਚ ਥਾਣਾ ਜਮਾਲਪੁਰ ਦੀ ਪੁਲਿਸ ਨੇ ਮੁਲਜ਼ਮ ਰਮਨਦੀਪ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਬੀਤੇ ਦਿਨ ਦੀ ਦੱਸੀ ਜਾ ਰਹੀ ਹੈ।
ਜ਼ਖਮੀ ਵਿਦਿਆਰਥੀ ਦੀ ਮਾਂ ਨੇ ਦੱਸਿਆ ਕਿ ਨੌਜਵਾਨ ਉਸ ਦੀ ਲੜਕੀ ਨੂੰ ਕਈ ਦਿਨਾਂ ਤੋਂ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਉਹ ਅਕਸਰ ਉਸ ਨੂੰ ਰਸਤੇ ਵਿੱਚ ਰੋਕਦਾ ਸੀ ਅਤੇ ਉਸ ਤੋਂ ਦੋਸਤੀ ਲਈ ਕਹਿੰਦਾ ਸੀ।ਪੀੜਤਾ ਉਸ ਤੋਂ ਬਹੁਤ ਪਰੇਸ਼ਾਨ ਸੀ। ਜਦੋਂ ਉਸ ਨੇ ਨੌਜਵਾਨ ਨਾਲ ਦੋਸਤੀ ਕਰਨ ਤੋਂ ਇਨਕਾਰ ਕੀਤਾ ਤਾਂ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ 21 ਮਈ ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ ਪਰ ਇਸ ਦੇ ਬਾਵਜੂਦ ਕਈ ਸਕੂਲ ਬੀਤੇ ਦਿਨ ਖੁੱਲ੍ਹੇ ਪਾਏ ਗਏ। ਲੜਕੀ ਸਕੂਲੋਂ ਘਰ ਜਾ ਰਹੀ ਸੀ ਤਾਂ ਉਸ ਨਾਲ ਇਹ ਘਟਨਾ ਵਾਪਰੀ, ਜੇ ਉਕਤ ਸਕੂਲ ਬੰਦ ਹੁੰਦਾ ਤਾਂ ਸ਼ਾਇਰ ਇਹ ਘਟਨਾ ਟਲ ਸਕਦੀ ਸੀ।