ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚਿਆਂ ਦੇ ਸਮਾਪਤ ਹੋਣ ਤੋਂ ਬਾਅਦ ਵਿਵਾਦ ਸਾਹਮਣੇ ਆਏ ਹਨ। ਖਨੌਰੀ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ’ਤੇ ਬੈਠੇ ਸਨ, ਜਿਸ ਵਿੱਚ ਇੰਦਰਜੀਤ ਸਿੰਘ ਕੋਟਬੁੱਢਾ ਵੀ ਸ਼ਾਮਲ ਸਨ। ਹੁਣ ਕੋਟਬੁੱਢਾ ਨੇ ਡੱਲੇਵਾਲ, ਕਾਕਾ ਕੋਟੜਾ ਅਤੇ ਅਭਿਮਨਿਊ ਕੋਹਾੜ ’ਤੇ ਕਰੋੜਾਂ ਰੁਪਏ ਦੇ ਘਪਲੇ ਅਤੇ ਮੋਰਚੇ ਦਾ ਘਾਣ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ।
ਇਸ ਸਬੰਧੀ ਜਦੋਂ ਅਭਿਮਨਿਊ ਕੋਹਾੜ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਬਿਨਾਂ ਸਬੂਤਾਂ ਦੇ ਇਲਜ਼ਾਮ ਬੇਅਰਥ ਹਨ। ਉਨ੍ਹਾਂ ਮੰਗ ਕੀਤੀ ਕਿ ਕੋਟਬੁੱਢਾ ਨੂੰ ਪੁਖਤਾ ਸਬੂਤ ਪੇਸ਼ ਕਰਨੇ ਚਾਹੀਦੇ, ਜਿਸ ਦੇ ਆਧਾਰ ’ਤੇ ਮੀਟਿੰਗ ਜਾਂ ਮੀਡੀਆ ਸਾਹਮਣੇ ਚਰਚਾ ਹੋ ਸਕਦੀ ਹੈ। ਕੋਹਾੜ ਨੇ ਦੱਸਿਆ ਕਿ ਪਿਛਲੀਆਂ ਮੀਟਿੰਗਾਂ ਵਿੱਚ ਕੋਟਬੁੱਢਾ ਨੇ ਅਜਿਹੀ ਕੋਈ ਗੱਲ ਨਹੀਂ ਉਠਾਈ ਅਤੇ ਕਈ ਮੀਟਿੰਗਾਂ ਵਿੱਚ ਸ਼ਾਮਲ ਹੀ ਨਹੀਂ ਹੋਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਬੂਤਾਂ ਦੀ ਗੈਰ-ਮੌਜੂਦਗੀ ਵਿੱਚ ਇਹ ਦੋਸ਼ ਬੇਬੁਨਿਆਦ ਹਨ ਅਤੇ ਜੇ ਸਬੂਤ ਹਨ ਤਾਂ ਉਹ ਪੇਸ਼ ਕੀਤੇ ਜਾਣ, ਜਿਸ ’ਤੇ ਬਣਦੀ ਕਾਰਵਾਈ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਮੋਰਚੇ ਤੋਂ ਬਾਅਦ ਵੀ ਕਿਸਾਨ ਮੋਰਚਿਆਂ ’ਤੇ ਅਜਿਹੇ ਦੋਸ਼ ਲੱਗਦੇ ਰਹੇ ਹਨ। ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਤੋੜਨ ’ਤੇ ਵੀ ਕਈ ਕਿਸਾਨ ਆਗੂਆਂ ਨੇ ਸਵਾਲ ਉਠਾਏ ਸਨ। ਹੁਣ ਕੋਟਬੁੱਢਾ ਵੱਲੋਂ ਲਗਾਏ ਗਏ ਇਨ੍ਹਾਂ ਨਵੇਂ ਇਲਜ਼ਾਮਾਂ ਨੇ ਡੱਲੇਵਾਲ, ਕੋਟੜਾ ਅਤੇ ਕੋਹਾੜ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਦਿੱਤਾ ਹੈ। ਇਹ ਵਿਵਾਦ ਕਿਸਾਨ ਅੰਦੋਲਨ ਦੀ ਏਕਤਾ ਅਤੇ ਵਿਸ਼ਵਾਸਯੋਗਤਾ ’ਤੇ ਸਵਾਲ ਖੜ੍ਹੇ ਕਰ ਰਿਹਾ ਹੈ, ਅਤੇ ਸਬੂਤਾਂ ਦੀ ਮੰਗ ਨੇ ਮਾਮਲੇ ਨੂੰ ਹੋਰ ਗੰਭੀਰ ਕਰ ਦਿੱਤਾ ਹੈ