ਮਾਛੀਵਾੜਾ ਸਾਹਿਬ ਦੇ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਵਿੱਚਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਸਾਹਿਬ ਦੇ ਫੰਡਾਂ ਵਿਚ ਪ੍ਰਬੰਧਕ ਕਮੇਟੀ ਦੇ 2 ਅਹੁਦੇਦਾਰਾਂ ਵੱਲੋਂ ਵੱਡੀ ਘਪਲੇਬਾਜ਼ੀ ਕਰਨ ਦੇ ਦੋਸ਼ਾਂ ਦਾ ਮਾਮਲਾ ਪਿਛਲੇ ਕਾਫ਼ੀ ਦਿਨਾਂ ਤੋਂ ਸੁਰਖ਼ੀਆਂ ਵਿਚ ਛਾਇਆ ਹੋਇਆ ਹੈ ਅਤੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਮੁਕੰਮਲ ਕਰ 2 ਵਿਅਕਤੀਆਂ ਦਲਜੀਤ ਸਿੰਘ ਗਿੱਲ ਅਤੇ ਜਗਦੀਸ਼ ਸਿੰਘ ਰਾਠੌਰ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਅਨੁਸਾਰ ਜੇਕਰ ਇਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਕੰਮ ਚਲਾਇਆ ਸੀ ਤਾਂ ਪੈਸਿਆਂ ਦੀ ਅਦਾਇਗੀ ਸਿੱਧੇ ਤੌਰ ਉਤੇ ਸਬੰਧਤ ਠੇਕੇਦਾਰ ਦੇ ਖਾਤੇ, ਦੁਕਾਨਦਾਰਾਂ ਦੇ ਖਾਤੇ ਵਿਚ ਭੇਜਣੀ ਬਣਦੀ ਸੀ ਜੋ ਇਨ੍ਹਾਂ ਨੇ ਨਹੀਂ ਕੀਤੀ। ਜਗਦੀਸ਼ ਸਿੰਘ ਰਾਠੌਰ ਤੇ ਦਲਜੀਤ ਸਿੰਘ ਗਿੱਲ ਨੇ ਆਪਣੇ ਨਿੱਜੀ ਖਾਤਿਆਂ ਵਿਚ ਪੈਸੇ ਭੇਜ ਕੇ ਨਿੱਜੀ ਲਾਭ ਲਿਆ ਹੈ ਅਤੇ ਨਜ਼ਦੀਕੀ ਵਿਅਕਤੀਆਂ ਨੂੰ ਲਾਭ ਪਹੁੰਚਾਇਆ ਹੈ।
ਕਾਰ ਸੇਵਾ ਵਾਲੇ ਬਾਬਾ ਵਧਾਵਾ ਸਿੰਘ ਨੇ ਸ਼ਿਕਾਇਤ ’ਚ ਦੱਸਿਆ ਸੀ ਕਿ ਉਨ੍ਹਾਂ ਵੱਲੋਂ ਗੁਰੂ ਘਰ ਦੀ ਸੇਵਾ ਸੰਭਾਲਣ ਮੌਕੇ ਗੁੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਖਾਤੇ ਵਿਚ 2.94 ਕਰੋੜ ਰੁਪਏ ਸਨ। ਦਲਜੀਤ ਸਿੰਘ ਗਿੱਲ ਤੇ ਜਗਦੀਸ਼ ਸਿੰਘ ਰਾਠੌਰ ਨੇ ਉਕਤ ਰਕਮ ਨਵੇਂ ਬੈਂਕ ਖਾਤੇ ’ਚ ਟਰਾਂਸਫਰ ਕਰ ਲਏ। ਸਟੇਟਮੈਂਟ ਕਢਵਾਉਣ ’ਤੇ ਪਤਾ ਲੱਗਾ ਕਿ ਖਾਤੇ ’ਚੋਂ ਲਗਪਗ 50 ਲੱਖ ਰੁਪਏ ਜਗਦੀਸ਼ ਸਿੰਘ ਰਾਠੌਰ ਦੇ ਖਾਤੇ ਅਤੇ 35 ਲੱਖ ਰੁਪਏ ਦਲਜੀਤ ਸਿੰਘ ਗਿੱਲ ਤੇ ਉਸ ਦੇ ਇੱਕ ਰਿਸ਼ਤੇਦਾਰ ਦੇ ਖਾਤੇ ’ਚ ਟਰਾਂਸਫਰ ਹੋਏ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਮਰਾਲਾ ਤੋਂ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਤਿਹਾਸਕ ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਸਾਹਿਬ ਦੇ ਫੰਡਾਂ ਵਿਚ ਘਪਲੇਬਾਜ਼ੀ ਦਾ ਮਾਮਲਾ ਜਦੋਂ ਸੰਗਤ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਤੁਰੰਤ ਕਾਰਵਾਈ ਕਰਦਿਆਂ ਦਲਜੀਤ ਸਿੰਘ ਗਿੱਲ ਅਤੇ ਜਗਦੀਸ਼ ਸਿੰਘ ਰਾਠੌਰ ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਗੁਰੂ ਘਰ ਦੇ ਪੈਸੇ ਵਿੱਚ ਘਪਲੇਬਾਜ਼ੀ ਕੀਤੀ ਉਸ ਨੂੰ ਕਾਂਗਰਸ ਪ੍ਰਧਾਨ ਪਾਰਟੀ ਵਿਚ ਸ਼ਾਮਲ ਕਰਵਾ ਰਿਹਾ ਹੈ ਜੋ ਬੜਾ ਵੱਡਾ ਸਵਾਲ ਹੈ। ਪਰਮਜੀਤ ਢਿੱਲੋਂ ਨੇ ਪੁਲਸ ਪ੍ਰਸਾਸ਼ਨ ਦਾ ਧੰਨਵਾਦ ਕੀਤਾ ਜਿਨ੍ਹਾਂ ਗੁਰੂ ਘਰ ਦੇ ਪੈਸੇ ’ਚ ਘਪਲਾ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਫਿਲਹਾਲ ਮੁੱਢਲੀ ਪੜਤਾਲ ਦੌਰਾਨ ਉਕਤ ਦੋਵਾਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਦੌਰਾਨ ਦੇਖਿਆ ਗਿਆ ਕਿ ਇਤਿਹਾਸਕ ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਦੇ ਖਾਤੇ ਵਿਚੋਂ ਕਾਫ਼ੀ ਵੱਡੀ ਰਕਮ ਪ੍ਰਬੰਧਕ ਕਮੇਟੀ ਦੇ 2 ਆਗੂਆਂ ਦੇ ਖਾਤਿਆਂ ਵਿਚ ਗਈ ਹੈ ਜਿਸ ਦਾ ਐੱਫਆਈਆਰ ਵਿਚ ਵੇਰਵਾ ਵੀ ਦਰਜ ਹੈ।