India

SC ਨੇ NDA ‘ਚ ਔਰਤਾਂ ਦੀ ਸੀਮਤ ਗਿਣਤੀ ਬਾਰੇ ਕੇਂਦਰ ਤੋਂ ਮੰਗੀ ਜਾਣਕਾਰੀ

‘ਦ ਖ਼ਾਲਸ ਬਿਊਰੋ : ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਐਨਡੀਏ ਵਿੱਚ ਸਿਰਫ਼ 19 ਔਰਤਾਂ ਦੀ ਚੋਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੰਗੀ ਹੈ। ਅਦਾਲਤ ਨੇ ਔਰਤਾਂ ਦੀ ਗਿਣਤੀ ਸਿਰਫ਼ 19 ਤੱਕ ਸੀਮਤ ਕਰਨ ਦਾ ਕਾਰਨ ਪੁੱਛਿਆ ਹੈ।

ਦਰਅਸਲ, ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਐਨਡੀਏ ਦੀਆਂ ਕੁੱਲ 370 ਸੀਟਾਂ ਵਿੱਚੋਂ ਸਿਰਫ਼ 19 ਸੀਟਾਂ ਹੀ ਮਹਿਲਾ ਉਮੀਦਵਾਰਾਂ ਨੂੰ ਦਿੱਤੀਆਂ ਜਾਣਗੀਆਂ। ਜਸਟਿਸ ਸੰਜੇ ਕੌਲ ਅਤੇ ਜਸਟਿਸ ਐਮਐਮ ਸੁੰਦਰੇਸ਼ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਇਕ ਅਰਜ਼ੀ ‘ਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ ਐਨਡੀਏ I-2022 ਦੀ ਪ੍ਰੀਖਿਆ ਵਿਚ ਵੀ ਆਰਮੀ, ਨੇਵੀ ਅਤੇ ਏਅਰ ਫੋਰਸ ਵਿਚ ਸੇਵਾ ਕਰਨ ਲਈ ਮਹਿਲਾ ਉਮੀਦਵਾਰਾਂ ਦੀ ਗਿਣਤੀ ਨੂੰ 19 ਤੱਕ ਸੀਮਤ ਕਰ ਦਿੱਤਾ ਗਿਆ ਹੈ।

ਬਿਨੈਕਾਰ ਕੁਸ਼ ਕਾਲੜਾ ਨੇ ਸੁਪਰੀਮ ਕੋਰਟ ਵਿੱਚ ਦਲੀਲ ਦਿੱਤੀ ਕਿ ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਮਈ 2022 ਤੱਕ ਮਹਿਲਾ ਉਮੀਦਵਾਰਾਂ ਲਈ ਢਾਂਚਾਗਤ ਲੋੜਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਪਰ ਕੇਂਦਰ ਨੇ ਔਰਤਾਂ ਦੀ ਉਮੀਦਵਾਰੀ ਨੂੰ ਸੀਮਤ ਕਰ ਦਿੱਤਾ ਹੈ।ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਨੈਸ਼ਨਲ ਡਿਫੈਂਸ ਅਕੈਡਮੀ (ਐੱਨ.ਡੀ.ਏ.) ‘ਚ ਮਹਿਲਾ ਉਮੀਦਵਾਰਾਂ ਦਾ ਦਾਖਲਾ ਫੌਜ ਦੀ ਜ਼ਰੂਰਤ ‘ਤੇ ਨਿਰਭਰ ਕਰਦਾ ਹੈ ਅਤੇ ਉਹ ਆਪਣਾ ਸਟੈਂਡ ਸਪੱਸ਼ਟ ਕਰਦੇ ਹੋਏ ਤਿੰਨ ਹਫਤਿਆਂ ਦੇ ਅੰਦਰ ਵਿਸਤ੍ਰਿਤ ਹਲਫਨਾਮਾ ਦਾਇਰ ਕਰੇਗਾ।