‘ਦ ਖ਼ਾਲਸ ਬਿਊਰੋ :- ਸਰਬਉੱਚ ਅਦਾਲਤ ਨੇ ਅੱਜ ਬਹੁਜਨ ਸਮਾਜ ਪਾਰਟੀ ਦੇ ਉੱਤਰ ਪ੍ਰਦੇਸ਼ ਤੋਂ ਵਿਧਾਇਕ ਮੁਖ਼ਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਸ਼ਿਫ਼ਟ ਕਰਨ ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁਖ਼ਤਾਰ ਅੰਸਾਰੀ ਇਸ ਵੇਲੇ ਰੋਪੜ ਦੀ ਜੇਲ੍ਹ ਵਿੱਚ ਬੰਦ ਹਨ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਦੋ ਹਫ਼ਤਿਆਂ ਵਿੱਚ ਯੂਪੀ ਸ਼ਿਫਟ ਕੀਤਾ ਜਾਵੇਗਾ ਅਤੇ ਉੱਥੇ ਹੀ ਉਨ੍ਹਾਂ ‘ਤੇ ਮਾਮਲਾ ਚੱਲੇਗਾ। ਅਦਾਲਤ ਨੇ ਉਨ੍ਹਾਂ ਨੂੰ ਯੂਪੀ ਦੀ ਬਾਂਦਾ ਜੇਲ੍ਹ ਵਿੱਚ ਸ਼ਿਫ਼ਟ ਕਰਨ ਦਾ ਹੁਕਮ ਦਿੱਤਾ ਹੈ। ਕੋਰਟ ਨੇ ਕਿਹਾ ਹੈ ਕਿ ਬਾਂਦਾ ਜੇਲ੍ਹ ਦੇ ਸੁਪਰਡੈਂਟ ਉਨ੍ਹਾਂ ਦੀਆਂ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕਰਨਗੇ। ਮੁਖਤਾਰ ਅੰਸਾਰੀ ਗੈਂਗਸਟਰ ਤੋਂ ਲੀਡਰ ਬਣਿਆ ਸੀ।
ਮੁਖ਼ਤਾਰ ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ ਤੋਂ ਯੂਪੀ ਭੇਜਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਯੂਪੀ ਸਰਕਾਰ ਵਿਚਾਲੇ ਵਿਵਾਦ ਚੱਲ ਰਿਹਾ ਸੀ। ਮੁਖ਼ਤਾਰ ਅੰਸਾਰੀ ‘ਤੇ ਯੂਪੀ ਦੇ ਮਊ, ਗਾਜੀਪੁਰ, ਵਾਰਾਣਸੀ ਵਿੱਚ ਦਰਜਨਾਂ ਕੇਸ ਦਰਜ ਹਨ ਪਰ ਉਹ ਪਿਛਲੇ ਦੋ ਸਾਲਾਂ ਤੋਂ ਇੱਕ ਕੇਸ ਕਾਰਨ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਹਨ।
ਯੂਪੀ ਸਰਕਾਰ ਸੂਬੇ ਵਿੱਚ ਦਰਜ ਮਾਮਲਿਆਂ ਦੀ ਸੁਣਵਾਈ ਲਈ ਮੁਖ਼ਤਾਰ ਅੰਸਾਰੀ ਨੂੰ ਅਦਾਲਤ ਵਿੱਚ ਪੇਸ਼ ਕਰਨਾ ਚਾਹੁੰਦੀ ਸੀ, ਜਦਕਿ ਪੰਜਾਬ ਪੁਲਿਸ ਦਾ ਕਹਿਣਾ ਸੀ ਕਿ ਉਹ ਉਨ੍ਹਾਂ ਨੂੰ ਇਸ ਲਈ ਨਹੀਂ ਭੇਜ ਸਕਦੇ ਕਿਉਂਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਇਸ ਸਬੰਧੀ ਯੂਪੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਸੀ।
ਪੰਜਾਬ ਸਰਕਾਰ ਵੱਲੋ ਸੁਪਰੀਮ ਕੋਰਟ ਵਿੱਚ ਇੱਕ ਹਲਫ਼ਨਾਮਾ ਦਾਇਰ ਕੀਤਾ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਮੁਖ਼ਤਾਰ ਅੰਸਾਰੀ ਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਸਣੇ ਕਈ ਬੀਮਾਰੀਆਂ ਹਨ, ਜਿਸ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਅਰਾਮ ਕਰਨ ਦੀ ਸਲਾਹ ਦਿੱਤੀ ਹੈ ਅਤੇ ਹਾਲੇ ਯੂਪੀ ਨਹੀਂ ਭੇਜਿਆ ਜਾ ਸਕਦਾ।
ਮੁਖ਼ਤਾਰ ਅੰਸਾਰੀ ’ਤੇ ਇਲਜ਼ਾਮ ਹਨ ਕਿ ਜਨਵਰੀ 2019 ਵਿੱਚ, ਮੁਹਾਲੀ ਦੇ ਇੱਕ ਵੱਡੇ ਬਿਲਡਰ ਨੂੰ ਉਨ੍ਹਾਂ ਨੇ ਫੋਨ ਕਰਕੇ 10 ਕਰੋੜ ਰੁਪਏ ਮੰਗੇ ਸੀ। ਇਸ ਤਹਿਤ ਮੁਹਾਲੀ ਵਿੱਚ ਉਨ੍ਹਾਂ ਖਿਲਾਫ ਇੱਕ ਐੱਫ਼ਆਈਆਰ ਦਰਜ ਕੀਤੀ ਗਈ ਸੀ ਅਤੇ 24 ਜਨਵਰੀ 2019 ਨੂੰ ਪੰਜਾਬ ਪੁਲਿਸ ਨੇ ਮੁਖ਼ਤਾਰ ਅੰਸਾਰੀ ਨੂੰ ਯੂਪੀ ਤੋਂ ਲਿਆ ਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਸੀ, ਜਿੱਥੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਰੋਪੜ ਜੇਲ੍ਹ ਭੇਜ ਦਿੱਤਾ ਗਿਆ। ਉਦੋਂ ਤੋਂ ਇਹ ਹਿਰਾਸਤ ਲਗਾਤਾਰ ਵੱਧਦੀ ਜਾ ਰਹੀ ਸੀ।
1996 ਵਿੱਚ ਬਸਪਾ ਦੇ ਟਿਕਟ ‘ਤੇ ਜਿੱਤ ਕੇ ਪਹਿਲੀ ਵਾਰ ਵਿਧਾਨ ਸਭਾ ਪਹੁੰਚਣ ਵਾਲੇ ਮੁਖ਼ਤਾਰ ਅੰਸਾਰੀ ਨੇ 2002, 2007, 2012 ਅਤੇ ਫਿਰ 2017 ਵਿੱਚ ਵੀ ਮਊ ਤੋਂ ਜਿੱਤ ਹਾਸਲ ਕੀਤੀ। ਇਨ੍ਹਾਂ ਵਿੱਚੋਂ ਆਖ਼ਰੀ ਤਿੰਨ ਚੋਣਾਂ ਉਨ੍ਹਾਂ ਨੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਰਹਿੰਦੇ ਹੋਏ ਲੜੀਆਂ ਹਨ।